ਡਾਇਰੈਕਟਰ ਫ਼ੂਡ ਸਪਲਾਈ ਨੇ ਟਰੱਕ ਆਪ੍ਰੇਟਰਾਂ ਨੂੰ ਦਿਵਾਇਆ ਭਰੋਸਾ ਜ਼ੀਰੀ ਦੀ ਢੋਆ ਢੁਆਈ ਟਰੱਕ ਯੂਨੀਅਨਾਂ ਹੀ ਕਰਨਗੀਆਂ

ਖ਼ਬਰਾਂ, ਪੰਜਾਬ



ਪਟਿਆਲਾ, 18 ਸਤੰਬਰ (ਜਗਤਾਰ ਸਿੰਘ) : ਪੰਜਾਬ ਦੇ ਡਾਇਰੈਕਟਰ ਫ਼ੂਡ ਸਪਲਾਈ ਸ੍ਰੀਮਤੀ ਅਨੰਦਿਤਾ ਮਿੱਤਰਾ ਨੇ ਸੂਬੇ ਦੇ ਟਰੱਕ ਆਪ੍ਰੇਟਰਾਂ ਨੂੰ ਭਰੋਸਾ ਦਿਵਾਇਆ ਹੈ ਕਿ ਜ਼ੀਰੀ ਦੇ ਆਉਂਦੇ ਸੀਜ਼ਨ ਦੌਰਾਨ ਢੋਆ ਢੁਆਈ ਦਾ ਕੰਮ ਟਰੱਕ ਯੂਨੀਅਨਾਂ ਦੇ ਹਵਾਲੇ ਹੀ ਕੀਤਾ ਜਾਵੇਗਾ ਤੇ ਟਰੱਕ ਅਪਰੇਟਰ ਹੀ ਇਸ ਕੰਮ ਨੂੰ ਮੁਕੰਮਲ ਕਰਨਗੇ। ਇਹ ਭਰੋਸਾ ਉਨ੍ਹਾਂ ਨੇ ਆਲ ਪੰਜਾਬ ਟਰੱਕ ਅਪਰੇਟਰ ਯੂਨੀਅਨ ਦੇ ਸੂਬਾ ਪ੍ਰਧਾਨ ਹੈਪੀ ਸੰਧੂ ਦੀ ਅਗਵਾਈ ਹੇਠ ਉਨ੍ਹਾਂ ਨੂੰ ਮਿਲਣ ਗਏ ਵਫ਼ਦ ਨੂੰ ਦੁਆਇਆ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਹੈਪੀ ਸੰਧੂ ਨੇ ਦਸਿਆ ਕਿ ਡਾਇਰੈਕਟਰ ਨਾਲ ਟਰੱਕ ਅਪਰੇਟਰਾਂ ਦੇ ਵਫ਼ਦ ਦੀ ਗੱਲਬਾਤ ਬਹੁਤ ਸੁਖਾਵੇਂ ਤੇ ਚੰਗੇ ਮਾਹੌਲ ਵਿਚ ਹੋਈ ਜਿਸ ਵਿਚ ਉਨ੍ਹਾਂ ਨੇ ਦਸਿਆ ਕਿ ਪੰਜਾਬ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਜੀਰੀ ਦੇ ਆਉਂਦੇ ਸੀਜ਼ਨ ਵਾਸਤੇ ਮੰਡੀਆਂ ਵਿਚੋਂ ਮਾਲ ਦੀ ਢੋਆ ਢੁਆਈ ਦਾ ਕੰਮ ਟਰੱਕ ਯੂਨੀਅਨਾਂ ਨੂੰ ਹੀ ਅਲਾਟ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਦੀ ਬਦੌਲਤ ਟਰੱਕ ਅਪਰੇਟਰਾਂ ਨੂੰ ਵੱਡੀ ਰਾਹਤ ਮਿਲੀ ਹੈ ਕਿਉਂਕਿ ਸਰਕਾਰ ਦੇ ਫ਼ੈਸਲਿਆਂ ਦੇ ਚਲਦੇ ਟਰੱਕ ਅਪਰੇਟਰਾਂ ਵਿਚ ਬੇਯਕੀਨੀ ਵਾਲੀ ਸਥਿਤੀ ਬਣੀ ਹੋਈ ਸੀ।

ਸੰਧੂ ਨੇ ਦਸਿਆ ਕਿ ਵਫ਼ਦ ਨੇ ਟਰੱਕ ਅਪਰੇਟਰਾਂ ਦੇ 150 ਕਰੋੜ ਰੁਪਏ ਦੇ ਬਕਾਏ ਅਦਾ ਕੀਤੇ ਜਾਣ ਦਾ ਮਾਮਲਾ ਵੀ ਡਾਇਰੈਕਟਰ ਕੋਲ ਰਖਿਆ ਜਿਨ੍ਹਾਂ ਨੇ ਦਸਿਆ ਕਿ ਇਸ ਮਾਮਲੇ ਵਿਚ ਕੇਂਦਰ ਸਰਕਾਰ ਵਲੋਂ ਬਣਾਏ ਗਏ ਪੋਰਟਲ ਰਾਹੀਂ ਅਦਾਇਗੀ ਦੀ ਪ੍ਰਵਾਨਗੀ ਕੇਂਦਰ ਸਰਕਾਰ ਨੇ ਹੀ ਦੇਣੀ ਹੈ ਤੇ ਜਦੋਂ ਇਹ ਪ੍ਰਵਾਨਗੀ ਮਿਲ ਗਈ ਤਾਂ ਇਹ ਬਕਾਇਆ ਰਾਸ਼ੀ ਰਿਲੀਜ਼ ਹੋ ਜਾਵੇਗੀ। ਵਫ਼ਦ ਨੇ ਡਾਇਰੈਕਟਰ ਦਾ ਉਕਤ ਫ਼ੈਸਲਿਆਂ ਲਈ ਧਨਵਾਦ ਕੀਤਾ ਤੇ ਆਸ ਪ੍ਰਗਟ ਕੀਤੀ ਕਿ ਉਨ੍ਹਾਂ ਦੀ ਬਕਾਇਆ ਰਾਸ਼ੀ ਜਲਦ ਹੀ ਰਿਲੀਜ਼ ਹੋ ਜਾਵੇਗੀ।
ਸੰਧੂ ਨੇ ਡਾਇਰੈਕਟਰ ਨੂੰ ਭਰੋਸਾ ਦੁਆਇਆ ਕਿ ਜੀਰੀ ਦੀ ਖ਼ਰੀਦ ਸ਼ੁਰੂ ਹੁੰਦਿਆਂ ਹੀ ਟਰੱਕ ਅਪਰੇਟਰਾਂ ਵਲੋਂ ਟਰੱਕ ਮੰਡੀਆਂ ਵਿਚੋਂ ਢੋਆ ਢੁਆਈ ਵਾਸਤੇ ਲਗਾ ਦਿਤੇ ਜਾਣਗੇ ਤਾਕਿ ਕਿਸਾਨਾਂ, ਅਧਿਕਾਰੀਆਂ, ਆੜ੍ਹਤੀਆਂ ਤੇ ਮਜ਼ਦੂਰਾਂ ਸਮੇਤ ਕਿਸੇ ਵਰਗ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਤੇ ਸਰਕਾਰ ਦੇ ਰੁਖ ਮੁਤਾਬਕ ਅਸੀਂ ਸਰਕਾਰ ਨੂੰ ਸਹਿਯੋਗ ਦੇਣ ਵਾਸਤੇ ਤਿਆਰ ਹਾਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਵਿੰਦਰ ਸਿੰਘ ਧਾਲੀਵਾਲ, ਟਹਿਲ ਸਿੰਘ ਬੁੱਟਰ,  ਕੁਲਜੀਤ ਸਿੰਘ ਰੰਧਾਵਾ, ਰਾਮਪਾਲ ਸਿੰਘ ਬੈਹਣੀਵਾਲ, ਜਸਬੀਰ ਸਿੰਘ ਉਪਲ, ਕਰਮਜੀਤ ਸਿੰਘ ਰਾਮਪੁਰਾ ਫੂਲ ਤੇ ਰਾਣਾ ਪੰਜੇਟਾ ਪ੍ਰੈੱਸ ਸਕੱਤਰ ਵੀ ਹਾਜ਼ਰ ਸਨ।