ਨਵੀਂ ਦਿੱਲੀ, 19 ਦਸੰਬਰ : ਡਾ. ਮਨਮੋਹਨ ਸਿੰਘ ਵਿਰੁਧ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਟਿਪਣੀ ਦੇ ਮੁੱਦੇ 'ਤੇ ਕਾਂਗਰਸ ਮੈਂਬਰਾਂ ਨੇ ਪ੍ਰਸ਼ਨ ਕਾਲ ਅਤੇ ਸਿਫ਼ਰ ਕਾਲ ਦੌਰਾਨ ਸੰਸਦ ਵਿਚ ਭਾਰੀ ਹੰਗਾਮਾ ਕੀਤਾ ਸੰਸਦੀ ਕਾਰਜ ਮੰਤਰੀ ਅਨੰਤ ਕੁਮਾਰ ਨੇ ਕਿਹਾ ਕਿ ਇਹ ਅਤਿਅੰਤ ਦੁਖਦਾਈ ਹੈ ਕਿ ਕਾਂਗਰਸ ਮੈਂਬਰ ਸੰਸਦੀ ਕਾਰਵਾਈ ਵਿਚ ਅੜਿੱਕਾ ਪਾ ਰਹੇ ਹਨ । ਸਿਫ਼ਰ ਕਾਲ ਦੌਰਾਨ ਕਾਂਗਰਸ ਮੈਂਬਰ ਕੁਰਸੀ ਅੱਗੇ ਆ ਕੇ ਅਪਣੀ ਗੱਲ ਰੱਖ ਰਹੇ ਸਨ ਅਤੇ ਨਾਹਰੇਬਾਜ਼ੀ ਕਰ ਰਹੇ ਸਨ। ਖੜਗੇ ਨੂੰ ਵੀ ਕੁੱਝ ਕਹਿੰਦਿਆਂ ਵੇਖਿਆ ਗਿਆ ਪਰ ਉਨ੍ਹਾਂ ਦੀ ਗੱਲ ਸੁਣੀ ਨਹੀਂ ਜਾ ਸਕੀ। ਕਾਂਗਰਸ ਮੈਂਬਰ ਵਾਰ ਵਾਰ ਲੋਕ ਸਭਾ ਸਪੀਕਰ ਕੋਲੋਂ ਅਪਣੀ ਗੱਲ ਕਹਿਣ ਦੀ ਆਗਿਆ ਦੇਣ ਦੀ ਮੰਗ ਕਰ ਰਹੇ ਸਨ। ਕਾਂਗਰਸ ਦੇ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਇਹ ਤਾਂ ਸਿਫ਼ਰ ਕਾਲ ਹੈ, ਇਸ ਲਈ ਗੱਲ ਕਹਿਣ ਲਈ ਆਗਿਆ ਦੇਣ ਵਿਚ ਕੀ ਸਮੱਸਿਆ ਹੈ?
ਉਨ੍ਹਾਂ ਕਿਹਾ ਕਿ ਅਸੀਂ ਅਪਣੀ ਗੱਲ ਰੱਖਣ ਦੀ ਆਗਿਆ ਚਾਹੁੰਦੇ ਹਾਂ। ਸਾਬਕਾ ਪ੍ਰਧਾਨ ਮੰਤਰੀ ਦਾ ਅਪਮਾਨ ਹੋਇਆ ਹੈ, ਇਹ ਗੰਭੀਰ ਮਾਮਲਾ ਹੈ। ਸਪੀਕਰ ਸੁਮਿਤਰਾ ਮਹਾਜਨ ਨੇ ਕਿਹਾ ਕਿ ਰੋਜ਼ ਰੋਜ਼ ਇਸ ਤਰ੍ਹਾਂ ਸਦਨ ਦੀ ਕਾਰਵਾਈ ਵਿਚ ਅੜਿੱਕਾ ਪਾਉਣਾ ਠੀਕ ਨਹੀਂ। ਇਸ ਤੋਂ ਪਹਿਲਾਂ ਸਿਫ਼ਰ ਕਾਲ ਸ਼ੁਰੂ ਹੋਣ 'ਤੇ ਸਪੀਕਰ ਨੇ ਜ਼ਰੂਰੀ ਕਾਗ਼ਜ਼ ਰਖਵਾਏ ਅਤੇ ਕਾਂਗਰਸ ਮੈਂਬਰਾਂ ਦੇ ਰੌਲੇ ਦੌਰਾਨ ਹੀ ਕਾਰਵਾਈ ਅੱਗੇ ਵਧਾਈ। ਸਦਨ ਵਿਚ ਸਿਫ਼ਰ ਕਾਲ ਦੌਰਾਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਕਾਂਗਰਸ ਦੀ ਸੀਨੀਅਰ ਆਗੂ ਸੋਨੀਆ ਗਾਂਧੀ ਮੌਜੂਦ ਸਨ। ਕਾਂਗਰਸ ਮੈਂਬਰਾਂ ਨੇ ਕਿਹਾ ਕਿ ਇਹ ਠੀਕ ਨਹੀਂ ਹੈ ਕਿ ਤੁਸੀਂ ਬੋਲਣ ਦੀ ਆਗਿਆ ਨਹੀਂ ਦੇ ਰਹੇ। ਫਿਰ ਸਿਫ਼ਰ ਕਾਲ ਦੌਰਾਨ ਹੀ ਕਾਂਗਰਸ ਦੇ ਮੈਂਬਰਾਂ ਨੇ ਵਾਕਆਊਟ ਕਰ ਦਿਤਾ। ਮੰਤਰੀ ਅਨੰਤ ਕੁਮਾਰ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਮੈਂਬਰਾਂ ਨੇ ਅੱਜ ਜੋ ਕੀਤਾ ਹੈ, ਉਹ ਸ਼ਰਮਨਾਕ ਅਤੇ ਨਿਖੇਧੀਯੋਗ ਹੈ। (ਏਜੰਸੀ)