ਦਾਦੀ ਨੇ ਜਿਸ ਪੋਤੇ ਦੀ ਲਾਸ਼ ਦੇ ਟੁਕੜੇ ਸੰਦੂਕ 'ਚ ਸੰਭਾਲ ਕੇ ਰੱਖੇ, ਕਤਲ ਦੀ ਸੱਚਾਈ ਨੇ ਉਡਾਏ ਸਭ ਦੇ ਹੋਸ਼

ਖ਼ਬਰਾਂ, ਪੰਜਾਬ

ਜਗਰਾਓਂ: ਜਗਰਾਓਂ ਦੇ ਪਿੰਡ ਦੇਹੜਕਾ 'ਚ ਦਾਦੀ ਨੇ ਜਿਸ ਪੋਤਰੇ ਦੀ ਲਾਸ਼ ਦੇ ਟੁਕੜੇ ਇਸ ਲਈ ਸੰਦੂਕ 'ਚ ਸੰਭਾਲ ਕੇ ਰੱਖੇ ਸਨ ਕਿ ਕਾਤਲਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਉਹ ਅੰਤਿਮ ਸੰਸਕਾਰ ਕਰੇਗੀ। ਪੁਲਿਸ ਨੇ ਇਸ ਕਤਲ ਕੇਸ ਨੂੰ ਸੁਲਝਾ ਲੈਣ ਦਾ ਦਾਅਵਾ ਕੀਤਾ ਹੈ ਅਤੇ 3 ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ। ਪਰ ਇਸ ਕਤਲ ਦੇ ਪਿੱਛੇ ਦਾ ਜੋ ਕਾਰਣ ਸਾਹਮਣੇ ਆਇਆ ਹੈ, ਉਸਨੇ ਸਭ ਦੇ ਹੋਸ਼ ਉਡਾ ਦਿੱਤੇ ਹਨ। 

ਗ੍ਰਿਫਤਾਰ ਕੀਤੇ ਦੋਸ਼ੀਆਂ 'ਚ ਲਵਦੀਸ਼ ਸਿੰਘ ਸੰਧੂ, ਹਰਵਿੰਦਰ ਕੁਮਾਰ ਉਰਫ ਫੀਤਾ ਉਰਫ ਸੀਤਾ ਵਾਸੀਆਨ ਮਹੇੜੂ ਅਤੇ ਜਤਿੰਦਰ ਗਿੱਲ ਵਾਸੀ ਗੋਹੀਰ ਨੇੜੇ ਨਕੋਦਰ (ਜਲੰਧਰ) ਸ਼ਾਮਲ ਹਨ। ਪੁਲਸ ਨੇ ਇਨ੍ਹਾਂ ਕੋਲੋਂ ਕਤਲ ਲਈ ਵਰਤੇ 2 ਟੋਕੇ, ਇਕ ਮੋਟਰਸਾਈਕਲ ਤੋਂ ਇਲਾਵਾ ਗੁਰਪ੍ਰੀਤ ਦੇ 2 ਮੋਬਾਇਲ ਫੋਨ, ਆਧਾਰ ਕਾਰਡ ਤੇ 2 ਏ. ਟੀ. ਐੱਮ. ਕਾਰਡ ਵੀ ਬਰਾਮਦ ਕੀਤੇ ਹਨ। ਪੁਲਸ ਮੁਤਾਬਕ ਮ੍ਰਿਤਕ ਗੁਰਪ੍ਰੀਤ ਬਹੁਤ ਹੀ ਸ਼ਾਤਿਰ ਕਿਸਮ ਦਾ ਅਪਰਾਧੀ ਸੀ। ਸੋਸ਼ਲ ਮੀਡੀਆ 'ਤੇ ਜਾਅਲੀ ਆਈ. ਡੀ. ਬਣਾ ਕੇ ਲੜਕੀਆਂ ਨੂੰ ਫਸਾਉਣਾ ਅਤੇ ਫਿਰ ਉਨ੍ਹਾਂ ਦੀਆਂ ਅਸ਼ਲੀਲ ਤਸਵੀਰਾਂ ਬਣਾ ਕੇ ਬਲੈਕਮੇਲ ਕਰਨਾ ਹੀ ਗੁਰਪ੍ਰੀਤ ਦਾ ਕੰਮ ਸੀ ਤੇ ਇਸੇ ਚੱਕਰ 'ਚ ਉਸਨੂੰ ਆਪਣੀ ਜਾਨ ਗੁਆਉਣੀ ਪਈ।