ਡਾਕਟਰਾਂ ਦੀ ਲਾਪਰਵਾਹੀ ਨੇ ਡਲਿਵਰੀ ਤੋਂ ਬਾਅਦ ਮਾਸੂਮ ਦੀ ਖੋਈ ਮਾਂ

ਖ਼ਬਰਾਂ, ਪੰਜਾਬ

ਖੰਨਾ ਸਿਵਲ ਹਸਪਤਾਲ 'ਚ ਡਾਕਟਰਾਂ ਦੀ ਲਾਪਰਵਾਹੀ ਨਾਲ ਮੌਤਾਂ ਦਾ ਸਿਲਸਿਲਾ ਜਾਰੀ ਹੈ। ਕੁੱਝ ਦਿਨ ਪਹਿਲਾਂ ਇੱਕ ਡਾਕਟਰ ਦੀ ਲਾਪਰਵਾਹੀ ਨਾਲ 8 ਸਾਲਾਂ ਦੀ ਮਾਸੂਮ ਲੜਕੀ ਦੀ ਮੌਤ ਹੋ ਗਈ ਸੀ ਤਾਂ ਬੀਤੀ ਰਾਤ ਇੱਕ ਹੋਰ ਡਾਕਟਰ ਅਤੇ ਸਟਾਫ ਦੀ ਲਾਪਰਵਾਹੀ ਨੇ ਡੀਲਿਵਰੀ ਮਗਰੋਂ ਔਰਤ ਦੀ ਜਾਨ ਲੈ ਲਈ। ਮ੍ਰਿਤਕਾ ਗੀਤਾ ਰਾਣੀ (28) ਅੰਮ੍ਰਿਤਸਰ ਵਿਖੇ ਵਿਆਹੀ ਹੋਈ ਸੀ ਅਤੇ ਜਣੇਪੇ ਲਈ ਆਪਣੇ ਪੇਕੇ ਜਗਤ ਕਾਲੋਨੀ ਖੰਨਾ ਆਈ ਸੀ। 

ਆਪ੍ਰੇਸ਼ਨ ਮਗਰੋਂ ਗਾਇਨੀ ਡਾਕਟਰ ਆਪਣੇ ਘਰ ਚਲੀ ਗਈ ਅਤੇ ਪਿੱਛੋਂ ਸਟਾਫ ਨੇ ਵੀ ਕੋਈ ਧਿਆਨ ਨਹੀਂ ਦਿੱਤਾ। ਗੀਤਾ ਦੀ ਹਾਲਤ ਖਰਾਬ ਹੋਣ 'ਤੇ ਵੀ ਡਾਕਟਰ ਨੇ ਆਉਣਾ ਮੁਨਾਸਿਬ ਨਹੀਂ ਸਮਝਿਆ ਅਤੇ ਫੋਨ ਤੇ ਹੀ ਸਟਾਫ ਨੂੰ ਦਵਾਈਆਂ ਲਿਖਾਈ ਗਈ। ਸਿੱਟੇ ਵਜੋਂ ਔਰਤ ਦੀ ਮੌਤ ਹੋ ਗਈ। ਪਰਿਵਾਰ ਵਾਲਿਆਂ ਨੇ ਹਸਪਤਾਲ 'ਚ ਖੂਬ ਹੰਗਾਮਾ ਕੀਤਾ ਅਤੇ ਡਾਕਟਰ ਤੇ ਸਟਾਫ ਖਿਲਾਫ ਕਾਰਵਾਈ ਦੀ ਮੰਗ ਕੀਤੀ। 

ਰਾਤ ਨੂੰ ਆਪ੍ਰੇਸ਼ਨ ਨਾਲ ਬੱਚੀ ਨੂੰ ਜਨਮ ਦਿੱਤਾ ਅਤੇ ਆਪ੍ਰੇਸ਼ਨ ਕਰਨ ਵਾਲੀ ਡਾਕਟਰ ਨੇ ਹਸਪਤਾਲ 'ਚ ਰੁਕਣ ਦੀ ਬਜਾਏ ਆਪਣੇ ਘਰ ਜਾ ਕੇ ਆਰਾਮ ਕਰਨ ਨੂੰ ਤਰਜੀਹ ਦਿੱਤੀ। ਮਗਰੋਂ ਗੀਤਾ ਦੀ ਹਾਲਤ ਗੰਭੀਰ ਹੋ ਗਈ। ਪਰਿਵਾਰ ਦੇ ਲੋਕ ਸਟਾਫ ਦੀਆਂ ਮਿੰਨਤਾਂ ਕਰਦੇ ਰਹੇ। ਕਿਸੇ ਨੇ ਮਰੀਜ਼ ਨੂੰ ਨਹੀਂ ਦੇਖਿਆ। ਕਾਫੀ ਸਮਾਂ ਮਗਰੋਂ ਸਟਾਫ ਨਰਸਾਂ ਆਪਣੇ ਪੱਧਰ ਤੇ ਇਲਾਜ ਕਰਨ ਲੱਗੀਆਂ ਅਤੇ ਸੰਬੰਧਤ ਡਾਕਟਰ ਹਸਪਤਾਲ ਆਉਣ ਦੀ ਬਜਾਏ ਉਹਨਾਂ ਨੂੰ ਫੋਨ ਤੇ ਹੀ ਦਵਾਈਆਂ ਲਿਖਾਉਂਦੀ ਰਹੀ। ਜਿਸਦਾ ਨਤੀਜਾ ਇਹ ਨਿਕਲਿਆ ਕਿ ਗੀਤਾ ਰਾਣੀ ਦੀ ਮੌਤ ਹੋ ਗਈ। 

ਮੌਤ ਮਗਰੋਂ ਭੜਕੇ ਪਰਿਵਾਰ ਦੇ ਲੋਕਾਂ ਨੇ ਸਿਵਲ ਹਸਪਤਾਲ 'ਚ ਹੰਗਾਮਾ ਕੀਤਾ ਤਾਂ ਸਟਾਫ ਨੇ ਪੁਲਸ ਨੂੰ ਬੁਲਾ ਲਿਆ। ਪਹਿਲਾਂ ਪਰਿਵਾਰ ਦੇ ਲੋਕਾਂ ਨੇ ਉਦੋਂ ਤੱਕ ਲਾਸ਼ ਲੈਣ ਤੋਂ ਇਨਕਾਰ ਕੀਤਾ, ਜਦੋਂ ਤੱਕ ਡਾਕਟਰ ਤੇ ਸਟਾਫ 'ਤੇ ਕਾਰਵਾਈ ਨਹੀਂ ਹੁੰਦੀ। ਬਾਅਦ 'ਚ ਪੁਲਸ ਅਫਸਰਾਂ ਦੇ ਸਮਝਾਉਣ ਅਤੇ ਕਾਰਵਾਈ ਦੇ ਭਰੋਸੇ ਮਗਰੋਂ ਲਾਸ਼ ਦਾ ਪੋਸਟਮਾਰਟਮ ਕਰਾਇਆ ਗਿਆ। ਪਰਿਵਾਰ ਵਾਲਿਆਂ ਦੀ ਮੰਗ ਹੈ ਕਿ ਡਾਕਟਰ ਨੂੰ ਸਸਪੈਂਡ ਕੀਤਾ ਜਾਵੇ ਅਤੇ ਸਟਾਫ 'ਤੇ ਵੀ ਸਖਤ ਤੋਂ ਸਖਤ ਕਾਰਵਾਈ ਹੋਵੇ। ਇਸਦੇ ਨਾਲ ਹੀ ਰੋਜ਼ਾਨਾ ਸਟੇਸ਼ਨ ਛੱਡਣ ਵਾਲੇ ਐਸਐਮਓ 'ਤੇ ਵੀ ਵਿਭਾਗੀ ਕਾਰਵਾਈ ਹੋਣੀ ਚਾਹੀਦੀ ਹੈ। ਜਦਕਿ, ਗਾਇਨੀ ਡਾਕਟਰ ਨੇ ਕੈਮਰੇ ਸਾਮਣੇ ਆਉਣ ਤੋਂ ਇਨਕਾਰ ਕਰਦਿਅਾਂ ਕਿਹਾ ਕਿ ਉਹਨਾਂ ਦੀ ਕੋਈ ਗਲਤੀ ਨਹੀਂ ਹੈ, ਇਲਾਜ ਚ ਕੋਈ ਲਾਪਰਵਾਹੀ ਨਹੀਂ ਹੋਈ।