ਬਰਨਾਲਾ, 15 ਅਕਤੂਬਰ (ਜਗਸੀਰ ਸਿੰਘ ਸੰਧੂ) : ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਦਲ-ਬਦਲੂਆਂ ਨੂੰ ਪਾਰਟੀ ਦੀ ਹਾਰ ਦਾ ਕਾਰਨ ਦੱਸਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਮਹਿਜ਼ ਛੇ ਮਹੀਨਿਆਂ ਮਗਰੋਂ ਹੀ ਅਪਣੇ ਬਿਆਨਾਂ ਤੋਂ ਪਲਟਦਿਆਂ ਗੁਰਦਾਸਪੁਰ ਜ਼ਿਮਨੀ ਚੋਣ ਸਮੇਂ ਕਈ ਦਲ-ਬਦਲੂਆਂ ਨੂੰ ਦਿਤੇ ਗਏ ਸਿਰੋਪਾਉ ਦੀ ਟਕਸਾਲੀ ਅਕਾਲੀ ਆਗੂਆਂ ਅਤੇ ਆਮ ਲੋਕਾਂ ਵਿਚ ਚਰਚਾ ਹੋ ਰਹੀ ਹੈ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ 'ਕਲੀਨ' ਕੀਤਾ ਜਾ ਰਿਹਾ ਹੈ ਜਾਂ ਫਿਰ 'ਮਲੀਨ' ਕੀਤਾ ਜਾ ਰਿਹਾ ਹੈ।
ਵਿਧਾਨ ਸਭਾ ਚੋਣਾਂ 'ਚ ਬੁਰੀ ਤਰ੍ਹਾਂ ਹਾਰਨ ਤੋਂ
ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਹਾਰ ਦਾ ਚਿੰਤਨ-ਮੰਥਨ ਕਰਦਿਆਂ
ਵਰਕਰਾਂ ਨਾਲ ਕੀਤੀਆਂ ਪਹਿਲੀਆਂ ਮੀਟਿੰਗਾਂ 'ਚ ਮੰਨਿਆ ਸੀ ਕਿ ਸਾਨੂੰ ਕਾਂਗਰਸ 'ਚੋਂ ਆਏ
ਲੋਕਾਂ ਨੇ ਧੋਖਾ ਦਿਤਾ ਹੈ, ਇਸ ਲਈ ਸ਼੍ਰੋਮਣੀ ਅਕਾਲੀ ਨੂੰ ਤਕੜਾ ਕਰਨ ਲਈ ਹੁਣ ਦਲ-ਬਦਲੂਆਂ
ਨੂੰ ਪਾਸੇ ਕਰ ਕੇ ਟਕਸਾਲੀ ਆਗੂਆਂ ਨੂੰ ਅੱਗੇ ਲਿਆਂਦਾ ਜਾਵੇਗਾ।
ਹੁਣ ਅਸੀਂ ਦੂਜੀਆਂ ਪਾਰਟੀਆਂ 'ਚੋਂ ਆਏ ਆਗੂਆਂ ਨੂੰ ਤਾਕਤ ਦੇਣ ਦਾ ਵਰਤਾਰਾ ਨਹੀਂ ਦੁਹਰਾਵਾਂਗੇ, ਪਰ 6 ਮਹੀਨੇ ਬੀਤਣ 'ਤੇ ਹੀ ਸੁਖਬੀਰ ਸਿੰਘ ਬਾਦਲ ਅਪਣੇ ਬਿਆਨਾਂ ਨੂੰ ਭੁੱਲ ਗਏ ਅਤੇ ਆਈ ਪਹਿਲੀ ਹੀ ਚੋਣ ਵਿਚ ਇਕ ਨਹੀਂ ਸਗੋਂ ਅਨੇਕਾਂ ਹੀ ਦਲ-ਬਦਲੂਆਂ ਨੂੰ ਸ਼੍ਰੋਮਣੀ ਅਕਾਲੀ ਦਲ 'ਚ ਸਿਰੋਪਾਉ ਪਾ ਕੇ ਸ਼ਾਮਲ ਕਰ ਲਿਆ ਗਿਆ।
ਗੁਰਦਾਸਪੁਰ ਜ਼ਿਮਨੀ ਚੋਣ 'ਚ ਸੁਖਬੀਰ ਸਿੰਘ ਬਾਦਲ ਨੇ
ਪ੍ਰਸਿੱਧ ਕਾਂਗਰਸੀ ਆਗੂ ਸੰਤੋਖ ਸਿੰਘ ਰੰਧਾਵਾ ਦੇ ਪੁੱਤਰ ਅਤੇ ਬਾਬਾ ਬਕਾਲਾ ਤੋਂ ਵਿਧਾਇਕ
ਸੁਖਵਿੰਦਰ ਸਿੰਘ ਰੰਧਾਵਾ ਦੇ ਵੱਡੇ ਭਰਾ ਇੰਦਰਜੀਤ ਸਿੰਘ ਰੰਧਾਵਾ ਤੇ ਉਨ੍ਹਾਂ ਦੇ
ਸਪੁੱਤਰ ਦੀਪਇੰਦਰ ਸਿੰਘ ਰੰਧਾਵਾ ਨੂੰ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਕਰ ਲਿਆ। ਇਸੇ
ਤਰ੍ਹਾਂ ਬਟਾਲਾ ਹਲਕੇ ਦੇ ਕਾਂਗਰਸੀ ਆਗੂ ਅਸਵਨੀ ਸੇਖੜੀ ਦੇ ਵੱਡੇ ਭਰਾ ਇੰਦਰ ਸੇਖੜੀ ਨੂੰ
ਵੀ ਆਪਣੀ ਤੱਕੜੀ 'ਚ ਤੋਲ ਲਿਆ।
ਪੰਜਾਬ ਵਿਚ ਤੀਜੀ ਧਿਰ ਵਜੋਂ ਉਭਰੀ ਆਮ ਆਦਮੀ ਪਾਰਟੀ ਵੱਲੋਂ ਫਤਿਹਗੜ੍ਹ ਚੂੜੀਆਂ ਤੋਂ ਵਿਧਾਨ ਸਭਾ ਚੋਣ ਲੜਨ ਵਾਲੇ ਅਤੇ ਦੋ ਵਾਰ ਸ਼੍ਰੋਮਣੀ ਕਮੇਟੀ ਦੇ ਮੈਂਬਰ ਰਹੇ ਗੁਰਵਿੰਦਰ ਸਿੰਘ ਸ਼ਾਮਪੁਰਾ ਅਤੇ 'ਆਪ' ਦੇ ਮਾਝਾ ਜ਼ੋਨ ਦੇ ਇੰਚਾਰਜ ਤੇ ਕਾਦੀਆਂ ਵਿਧਾਨ ਸਭਾ ਚੋਣ ਲੜ੍ਹਨ ਵਾਲੇ ਕੰਵਲਪ੍ਰੀਤ ਸਿੰਘ ਕਾਕੀ ਤੇ ਗਲ੍ਹਾਂ 'ਚ ਵੀ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਿਰੋਪਾਉ ਪਾ ਕੇ ਉਹਨਾਂ ਨੂੰ ਅਕਾਲੀ ਬਣਾ ਲਿਆ।
ਕੁਝ ਅਕਾਲੀ ਜਥੇਦਾਰਾਂ ਨੇ ਅਪਣਾ ਨਾਮ ਨਾ ਛਾਪਣ ਦੀ ਸ਼ਰਤ 'ਤੇ ਦਸਿਆ
ਕਿ ਭਾਵੇਂ ਕੁਝ ਆਗੂ ਪਾਰਟੀ ਪ੍ਰਧਾਨ ਦੇ ਮੂਹਰੇ ਨੰਬਰ ਬਣਾਉਣ ਲਈ ਇਸ ਦਲ ਬਦਲੀ ਨੂੰ
'ਅਕਾਲੀ ਦਲ ਕਲੀਨ' ਮੁਹਿੰਮ ਕਹਿ ਕੇ ਰਹੇ ਹਨ, ਪਰ ਜੇ ਕਰ ਹੁਣ ਵੀ ਪਾਰਟੀ ਪ੍ਰਧਾਨ ਨੇ
ਬੀਤੇ ਸਮੇਂ ਦੇ ਨਤੀਜਿਆਂ ਨਾ ਵਾਚਦਿਆਂ ਇਸ ਵਰਤਾਰੇ ਨੂੰ ਜਾਰੀ ਰੱਖਿਆ ਤਾਂ ਇਹ 'ਅਕਾਲੀ
ਦਲ ਮਲੀਨ' ਮੁਹਿੰਮ ਹੋ ਨਿਬੜੇਗੀ।