ਡਰੱਗ ਮਾਫ਼ੀਆ ਤੇ ਮਾਈਨਿੰਗ ਦੇ ਕੇਸ ਵਿਚ ਛੇਤੀ ਗ੍ਰਿਫ਼ਤਾਰ ਹੋਵੇਗਾ ਮਜੀਠੀਆ : ਸਿੱਧੂ

ਖ਼ਬਰਾਂ, ਪੰਜਾਬ

ਚੰਡੀਗੜ੍ਹ, 16 ਮਾਰਚ (ਜੀ.ਸੀ. ਭਾਰਦਵਾਜ) : ਬੀਤੇ ਕਲ 'ਆਪ' ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਤੋਂ ਲਿਖਤੀ ਮਾਫ਼ੀ ਮੰਗਣ 'ਤੇ ਪੰਜਾਬ ਦੇ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਭਾਵੇਂ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਪਿੱਠ ਵਿਖਾ ਦਿਤੀ ਹੈ ਪਰ ਪੰਜਾਬ ਸਰਕਾਰ ਕੋਲ ਪੁਖ਼ਤਾ ਸਬੂਤ ਮੌਜੂਦ ਹਨ ਅਤੇ ਛੇਤੀ ਹੀ ਡਰੱਗ ਮਾਫ਼ੀਆ ਅਤੇ ਨਸ਼ਾ ਤਸਕਰੀ ਦੇ ਕੇਸ ਹੇਠ, ਬਿਕਰਮ ਮਜੀਠੀਆ ਵਿਰੁਧ ਸਖ਼ਤ ਐਕਸ਼ਨ ਲਿਆ ਜਾਵੇਗਾ। ਅੱਜ ਇਥੇ ਮੁੱਖ ਮੰਤਰੀ ਦੇ ਗੁਆਂਢ 'ਚ ਅਪਣੀ ਸਰਕਾਰੀਰਿਹਾਇਸ਼ 'ਤੇ ਪ੍ਰੈੱਸ ਕਾਨਫ਼ਰੰਸ 'ਚ ਸਿੱਧੂ ਜੋੜੀ ਯਾਨੀ ਨਵਜੋਤ ਸਿੱਧੂ ਤੇ ਧਰਮ ਪਤਨੀ ਨਵਜੋਤ ਕੌਰ ਨੇ ਈ.ਡੀ. ਤੇ ਸਪੈਸ਼ਲ ਟਾਸਕ ਫ਼ੋਰਸ ਦੇ ਏ.ਡੀ.ਜੀ.ਪੀ. ਹਰਪ੍ਰੀਤ ਸਿੰਘ ਸਿੱਧੂ ਦੀ 34 ਸਫ਼ਿਆਂ ਦੀ ਰੀਪੋਰਟ ਪੜ੍ਹੀ, ਜਿਸ 'ਚ ਬਿਕਰਮ ਮਜੀਠੀਆ ਦੇ ਅੰਤਰ ਰਾਸ਼ਟਰੀ ਡਰੱਗ ਮਾਫ਼ੀਆ ਅਤੇ ਨਸ਼ਾ ਤਸਕਰੀ ਗਰੋਹ ਨਾਲ ਪੁਖ਼ਤਾ ਸਬੰਧਤਾਂ ਤੇ ਪੈਸੇ ਦੇ ਲੈਣ-ਦੇਣ, ਮਜੀਠੀਆ ਵਲੋਂ ਕੈਨੇਡਾ ਜਾਣ, ਉਥੇ ਗਰੋਹ ਨਾਲ ਮੁਲਾਕਾਤ ਕਰਨੀ, ਸੱਤਾ, ਲਾਡੀ ਤੇ ਪਿੰਦੀ ਵਰਗਿਆਂ ਦਾ ਅੰਮ੍ਰਿਤਸਰ ਮਜੀਠੀਆ ਦੀ ਕੋਠੀ ਵਿਚ ਠਹਿਰਨਾ, ਸਰਕਾਰੀ ਗੰਨਮੈਨ ਤੇ ਸੁਰੱਖਿਆ ਵਰਤਣ ਦੇ ਵੇਰਵੇ ਦਿਤੇ ਗਏ ਹਨ। ਨਵਜੋਤ ਕੌਰ ਨੇ ਰੀਪੋਰਟ 'ਚੋਂ ਵੇਰਵੇ ਪੜ੍ਹ ਕੇ ਇਹ ਵੀ ਦਸਿਆ ਕਿ ਜਦੋਂ ਡਰੱਗ ਮਾਫ਼ੀਆ ਦਾ ਆਪਸੀ ਝਗੜਾ, ਪੈਸੇ ਦੇ ਲੈਣ-ਦੇਣ ਦਾ ਹੁੰਦਾ ਸੀ ਤਾਂ ਬਿਕਰਮ ਮਜੀਠੀਆ ਹੀ ਨਿਬੇੜਦਾ ਸੀ।

ਇਸ ਰੀਪੋਰਟ 'ਚ 25 ਨਵੰਬਰ 2009 ਦੀ ਮਜੀਠੀਆ ਦੇ ਵਿਆਹ ਦੀ ਰਿਸੈਪਸ਼ਨ ਦਾ ਵੀ ਜ਼ਿਕਰ ਹੈ ਜਦੋਂ ਗਰੋਹ ਦੇ ਮੈਂਬਰਾਂ ਨੇ ਕੈਨੇਡਾ ਤੋਂ ਆ ਕੇ ਸ਼ਿਰਕਤ ਕੀਤੀ, ਮਜੀਠੀਆ ਨਾਲ ਮੁਲਾਕਾਤ ਕੀਤੀ। ਇਸ ਰੀਪੋਰਟ 'ਚ ਭੋਲਾ, ਬਿੱਟੂ ਔਲਖ ਤੇ ਚਾਹਲ ਦੇ ਬਿਆਨਾਂ ਦਾ ਵੀ ਜ਼ਿਕਰ ਹੈ।ਮੰਤਰੀ ਨਵਜੋਤ ਸਿੱਧੂ ਨੇ ਦਸਿਆ ਕਿ ਉਨ੍ਹਾਂ ਕਈ ਵਾਰ ਮੁੱਖ ਮੰਤਰੀ ਨੂੰ ਕਿਹਾ ਹੈ, 40 ਕਾਂਗਰਸੀ ਵਿਧਾਇਕਾਂ ਨੇ ਮੁਲਾਕਾਤ ਕਰ ਕੇ ਕੈਪਟਨ ਅਮਰਿੰਦਰ ਸਿੰਘ ਨੂੰ, ਮਜੀਠੀਆ ਵਿਰੁਧ ਐਕਸ਼ਨ ਲੈਣ ਦੀ ਗੱਲ ਕੀਤੀ, ਪਰ ਹੁਣ ਸਰਕਾਰ ਪੱਕੇ ਪੈਰੀਂ, ਸਬੂਤਾਂ ਦੇ ਆਧਾਰ 'ਤੇ ਜਲਦੀ ਦੀ ਐਕਸ਼ਨ ਲਵੇਗੀ।ਦਿਲਚਸਪ ਗੱਲ ਇਹ ਹੈ ਕਿ ਜਿਸ ਐਸ.ਟੀ.ਐਫ਼. ਸਪੈਸ਼ਲ ਟਾਸਕ ਫ਼ੋਰਸ 'ਚੋਂ ਵੇਰਵੇ ਅੱਜ ਨਵਜੋਤ ਸਿੱਧੂ ਨੇ ਮਜੀਠੀਆ ਵਿਰੁਧ ਪੜ੍ਹੇ, ਇਹ ਰੀਪੋਰਟ ਤਾਂ 31 ਜਨਵਰੀ ਨੂੰ ਹਾਈ ਕੋਰਟ 'ਚ ਪੇਸ਼ ਕੀਤੀ ਗਈ ਸੀ, ਸਰਕਾਰ ਨੇ ਫਿਰ ਵੀ ਡੇਢ ਮਹੀਨਾ ਲੰਘਾ ਦਿਤਾ ਅਤੇ ਅੱਜ ਫਿਰ ਮੰਤਰੀ ਨਵਜੋਤ ਸਿੱਧੂ ਨੇ ਮਜੀਠੀਆ ਵਿਰੁਧ ਜ਼ੁਬਾਨੀ ਭੜਾਸ ਕੱਢੀ ਅਤੇ ਕਹਿ ਦਿਤਾ, ਭਾਵੇਂ ਕੇਜਰੀਵਾਲ ਨੇ ਮਾਨਹਾਨੀ ਦੇ ਕੇਸ 'ਚ ਮਜੀਠੀਆ ਤੋਂ ਲਿਖਤੀ ਮੁਆਫ਼ੀ ਮੰਗ ਲਈ ਹੈ, ਪਰ ਪੰਜਾਬ ਦੀ ਕਾਂਗਰਸ ਸਰਕਾਰ ਤਾਂ ਅਕਾਲੀ ਨੇਤਾ ਨੂੰ ਜੇਲ ਭੇਜੇਗੀ।