ਦੇਖੋ ਪ੍ਰਦੂਸ਼ਿਤ ਪਾਣੀ ਕਰਕੇ ਕਿਵੇਂ ਬਿਮਾਰੀਆਂ ਫ਼ੈਲ ਰਹੀ ਹੈ ?

ਖ਼ਬਰਾਂ, ਪੰਜਾਬ

ਗਿੱਦੜਬਾਹਾ ਪਿੰਡ ਦੌਲਾ ਦਾ ਜਲ ਘਰ ਪਿੰਡ ਵਾਸੀਆਂ ਨੂੰ ਦੂਸ਼ਿਤ ਪਾਣੀ ਸਪਲਾਈ ਕਰਕੇ ਦੇ ਬਿਮਾਰੀਆਂ ਵੰਡ ਰਿਹਾ ਹੈ। ਜਲ ਘਰ ਦੀ ਹਾਲਤ ਸਾਫ਼ ਸਫ਼ਾਈ ਪੱਖੋਂ ਬੇਹੱਦ ਖ਼ਸਤਾ ਹੋ ਚੁੱਕੀ ਹੈ। 



ਪਾਣੀ ਜਮ੍ਹਾਂ ਕਰਨ ਵਾਲੇ ਡਿੱਗ ਥਾਂ-ਥਾਂ ਤੋਂ ਟੁੱਟ ਚੁੱਕੇ ਹਨ, ਅਤੇ ਇਨ੍ਹਾਂ ਵਿੱਚਲੇ ਪਾਣੀ ਤੇ ਹਰੇਵਾਈ ਜੰਮੀ ਹੋਣ ਕਰਕੇ ਪਾਣੀ ਪੀਣ ਯੋਗ ਨਹੀਂ ਹੈ। ਜਲ ਘਰ ਦੇ ਚਾਰ ਫ਼ਿਲਟਰਾਂ ਵਿੱਚੋ ਸਿਰਫ਼ ਇਕ ਹੀ ਚੱਲ ਰਿਹਾ ਹੈ ਅਤੇ ਉਸ ਵਿੱਚ ਵੀ ਪਾਣੀ ਉਪਰ ਕੂੜਾ-ਕਰਕਟ ਤੈਰ ਰਿਹਾ ਹੈ। ਦੇਖਣ ਤੇ ਲੱਗ ਰਿਹਾ ਸੀ ਕਿ ਇਸ ਜਲ ਘਰ ਦੀ ਲੰਮੇਂ ਸਮੇਂ ਤੋਂ ਸਫ਼ਾਈ ਨਹੀਂ ਹੋਈ। ਲੋਕਾਂ ਵੱਲੋਂ ਕੰਡਿਆਲੀ ਤਾਰ ਅਤੇ ਗਲਾਰਣਾਂ ਪੱਟ ਕੇ ਰਸਤਾ ਬਣਾਇਆ ਹੋਈਆ ਹੈ।


 ਜਲ ਘਰ ਦੀ ਜਗ੍ਹਾਂ ਨੂੰ ਨੇੜਲੇ ਘਰਾਂ ਦੇ ਲੋਕਾਂ ਵੱਲੋਂ ਰੂੜੀਆਂ ਲਗਾਉਣ, ਪਸ਼ੂ ਬੰਨਣ ਅਤੇ ਬਾਲਣ ਰੱਖਣ ਲਈ ਵਰਤਿਆ ਜਾ ਰਿਹਾ ਹੈ। ਜਿਸ ਕਾਰਨ ਜਲ ਘਰ ਵਿੱਚ ਥਾਂ-ਥਾਂ ਕੂੜ੍ਹੇ-ਕਰਕਟ ਦੇ ਢੇਰ ਲੱਗੇ ਹੋਏ ਹਨ। ਇਸ ਤੋਂ ਇਲਾਵਾਂ ਜਲ ਘਰ ਦੇ ਕੁਆਟਰਾਂ ਤੋਂ ਵੀ ਲੋਕਾਂ ਵੱਲੋਂ ਪਸ਼ੂ ਬੰਨਣ ਦਾ ਕੰਮ ਲਿਆ ਜਾ ਰਿਹਾ ਹੈ।



 ਇਸ ਸਬੰਧੀ ਪਿੰਡ ਵਾਸੀ ਮੱਖਣ ਸਿੰਘ ਪੁੱਤਰ ਧਰਮ ਸਿੰਘ ਪ੍ਰਧਾਨ ਰਿਕਸ਼ਾ ਯੂਨੀਅਨ ਨੇ ਦੱਸਿਆ ਕਿ ਪਾਣੀ ਦੇ ਟੈਂਕ ਵਿੱਚ ਸੇਮ ਦਾ ਪਾਣੀ ਵੀ ਮਿਲ ਜਾਂਦਾ ਹੈ ਤੇ ਉਹ ਪਿਛਲੇ ਸਮੇਂ ਤੋਂ ਹੀ ਸਬੰਧਿਤ ਵਿਭਾਗ ਤੇ ਸਰਕਾਰ ਦੇ ਨੁੰਮਾਇਦਿਆਂ ਨੂੰ ਮਿਲ ਕੇ ਕਈ ਵਾਰ ਜਲ ਘਰ ਦੀ ਹਾਲਤ ਬਾਰੇ ਜਾਣੂ ਕਰਵਾ ਚੁੱਕੇ ਹਨ, ਪਰ ਅੱਜ ਤੱਕ ਉਹਨਾਂ ਦੀ ਕਿਸੇ ਨਹੀਂ ਸੁਣੀ। ਜਦ ਸਬੰਧਿਤ ਜੇ.ਈ. ਵਜੀਰ ਸਿੰਘ ਨਾਲ ਇਸ ਸਬੰਧੀ ਗੱਲ ਕਰਨੀ ਚਾਹੀ ਤਾਂ ਉਹ ਕੋਈ ਵਾਜਬ ਜੁਆਬ ਦੇਣ ਦੀ ਬਜਾਏ, ਖਬਰ ਨਾ ਪ੍ਰਕਾਸ਼ਤ ਕਰਨ ਦੀਆਂ ਲੇਲੜੀਆਂ ਹੀ ਕੱਢਦੇ ਰਹੇ।