ਡੇਰੇ ਦਾ ਪੰਜਾਬੀ ਅਖ਼ਬਾਰ ਹਫ਼ਤੇ ਤੋਂ ਬੰਦ ਹੋਇਆ

ਖ਼ਬਰਾਂ, ਪੰਜਾਬ

ਹਿੰਦੀ ਵਾਲੇ 'ਸੱਚ ਕਹੂੰ' ਨੇ ਮੀਡੀਆ ਕਵਰੇਜ ਨੂੰ ਝੂਠ ਦਸਿਆ
ਚੰਡੀਗੜ੍ਹ, 1 ਸਤੰਬਰ (ਜੀ.ਸੀ.ਭਾਰਦਵਾਜ) : ਸੌਦਾ ਸਾਧ ਨੂੰ 2 ਸਾਧਵੀਆਂ ਦੇ ਬਲਾਤਕਾਰ ਕੇਸ ਵਿਚ 25 ਅਗੱਸਤ ਨੂੰ ਦੋਸ਼ੀ ਠਹਿਰਾਏ ਜਾਣ ਉਪਰੰਤ ਪੰਚਕੂਲਾ ਤੇ ਹੋਰ ਥਾਵਾਂ 'ਤੇ ਭੜਕੀ ਹਿੰਸਾ ਦੇ ਫ਼ਲਸਰੂਪ ਹੋ ਰਹੀ ਕੂਰ-ਕੂਰ ਅਜੇ ਵੀ ਜਾਰੀ ਹੈ।
ਸੋਸ਼ਲ ਮੀਡੀਆ, ਪ੍ਰਿੰਟ ਤੇ ਇਲੈਕਟ੍ਰੋਨਿਕ ਸਮੇਤ ਆਮ ਸੱਥਾਂ, ਸਭਾਵਾਂ ਤੇ ਜਥੇਬੰਦੀਆਂ ਚਰਚਾਵਾਂ ਵਿਚ ਵੀ ਅਦਾਲਤ ਵਲੋਂ ਲਏ ਫ਼ੈਸਲੇ ਸਰਕਾਰ ਵਲੋਂ ਨਿਭਾਈ ਭੂਮਿਕਾ ਦੀ ਬਾਰੀਕੀ ਨਾਲ ਪੜਚੋਲ ਕੀਤੀ ਜਾ ਰਹੀ ਹੈ। ਮਨੁੱਖਤਾ ਦੇ ਹਰ ਵਰਗ ਵਿਚ ਧਾਰਮਕ, ਸਮਾਜਕ, ਪਰਵਾਰਕ, ਸਰਕਾਰੀ, ਗ਼ੈਰ ਸਰਕਾਰੀ, ਸਿਆਸੀ ਅਦਾਰਿਆਂ 'ਚ ਬਾਬੇ ਦੀਆਂ ਕਰਤੂਤਾਂ ਦੀ ਨਿੰਦਿਆ ਕੀਤੀ ਜਾ ਰਹੀ ਹੈ ਅਤੇ ਮੀਡੀਆ ਵਲੋਂ ਪਰਦਾਫ਼ਾਸ਼ ਕਰਨ ਦੀ ਤਾਰੀਫ਼ ਚਾਰੇ ਪਾਸੇ ਹੋ ਰਹੀ ਹੈ।
ਦਿਲਚਸਪ ਗੱਲ ਇਹ ਹੈ ਕਿ ਡੇਰੇ ਸਰਸਾ ਤੋਂ ਲਗਾਤਾਰ ਛਪ ਰਿਹਾ ਅਖ਼ਬਾਰ, ਹਿੰਦੀ ਭਾਸ਼ਾ 'ਸੱਚ ਕਹੂੰ' 'ਚ ਅਜੇ ਵੀ ਬਲਾਤਕਾਰੀ ਬਾਬੇ ਨੂੰ 'ਪੂਜਨੀਕ ਗੁਰੂ ਜੀ' ਲਿਖਿਆ ਜਾ ਰਿਹਾ ਹੈ ਅਤੇ ਮਾਰੇ ਗਏ 38 ਪ੍ਰੇਮੀਆਂ ਨੂੰ 'ਮਾਨਵਤਾ ਦੇ ਫ਼ਰਿਸ਼ਤੇ' ਆਖ ਰਿਹਾ ਹੈ। ਜਦੋਂ ਸਾਰਾ ਮੁਲਕ ਤੇ ਪੰਜਾਬ, ਹਰਿਆਣਾ, ਕੇਂਦਰ ਸਰਕਾਰਾਂ ਪ੍ਰਿੰਟ ਮੀਡੀਆ ਤੇ ਇਲੈਕਟ੍ਰੋਨਿਕ ਚੈਨਲਾਂ ਦੀ ਤਾਰੀਫ਼ ਕਰ ਰਹੀਆਂ ਹਨ ਤਾਂ ਹਿੰਦੀ ਦਾ 'ਸੱਚ ਕਹੂੰ' ਐਡੀਸ਼ਨ ਮੀਡੀਆ ਕਵਰੇਜ ਨੂੰ ਦੁਸ਼ ਪ੍ਰਚਾਰ ਦੀ ਇੰਤਹਾ ਦਸ ਰਿਹਾ ਹੈ।
ਅੱਜ 1 ਸਤੰਬਰ, 2017 ਦੇ ਅਖ਼ਬਾਰ ਦੀ ਪਹਿਲੇ ਸਫ਼ੇ 'ਤੇ ਲਿਖੀ ਪਹਿਲੀ ਵੱਡੀ ਖ਼ਬਰ ਕਹਿ ਰਹੀ ਹੈ ਕਿ ਸੋਸ਼ਲ, ਪ੍ਰਿੰਟ, ਇਲੈਕਟ੍ਰੋਨਿਕ ਮੀਡੀਆ ਨੇ 25 ਅਗੱਸਤ ਦੀ ਪੰਚਕੂਲਾ ਹਿੰਸਾ ਬਾਰੇ ਸਾਰਾ ਝੂਠ ਲਿਖਿਆ, ਝੂਠ ਬੋਲਿਆ ਅਤੇ 'ਪੂਜਿਆ ਗੁਰੂ ਜੀ' ਨੂੰ ਬਦਨਾਮ ਕੀਤਾ ਅਤੇ ਡੇਰੇ ਨੂੰ ਬਦਨਾਮ ਕਰਨ ਦੀ ਸਾਜ਼ਸ਼ ਤਹਿਤ ਸਰਸਾ ਸਥਿਤ ਧਾਰਮਕ ਸਥਾਨ ਦੀ ਤੌਹੀਨ ਕੀਤੀ।
ਅਖ਼ਬਾਰ ਨੇ ਖ਼ਬਰ ਵਿਚ ਲਿਖਿਆ ਕਿ 'ਗੁਰੂ ਜੀ ਦੇ ਪਵਿੱਤਰ ਚਰਿੱਤਰ 'ਤੇ ਚਿੱਕੜ ਸੁਟਿਆ' ਅਤੇ ਮਹਿਲ ਨੁਮਾ ਭਵਨ ਬਾਬੇ ਦਾ ਨਹੀਂ ਬਲਕਿ ਇਕ ਨਿਜੀ ਕੰਪਨੀ 'ਐਸ.ਐਮ.ਜੀ. ਕੰਪਨੀ ਦਾ ਰਿਜ਼ੋਰਟ' ਹੈ। ਡੇਰੇ ਅੰਦਰ ਦਿਖਾਏ ਜਾ ਰਹੇ ਆਲੀਸ਼ਾਨ ਕਮਰੇ ਵੀ ਲੋਕਲ ਸੰਗਤ ਨੇ ਤਿਆਰ ਕੀਤੇ ਹਨ। ਹਿੰਦੀ ਅਖ਼ਬਾਰ ਇਹ ਵੀ ਲਿਖ ਰਿਹਾ ਹੈ ਕਿ ਜਿਸ ਗੁਫਾ ਬਾਰੇ ਇਲੈਕਟ੍ਰੋਨਿਕ ਮੀਡੀਆ, ਸਾਧਵੀਆਂ ਨਾਲ ਰੰਗ ਰਲੀਆਂ ਮਨਾਉਣ ਦੀ ਥਾਂ ਦਸ ਰਿਹਾ ਹੈ, ਉਹ ਤਾਂ 'ਤੇਰਾ ਵਾਸ' ਹੈ, ਅੱਗੇ ਖੁੱਲਾ ਮੈਦਾਨ ਹੈ ਜਿਥੇ ਸਤਿਸੰਗ ਕੀਤਾ ਜਾਂਦਾ ਸੀ ਅਤੇ 133 ਭਲਾਈ ਦੇ ਕੰਮਾਂ ਦੀ ਹਰ ਮਹੀਨੇ ਪੜਚੋਲ ਕੀਤੀ ਜਾਂਦੀ ਸੀ।
ਹੈਰਾਨੀ ਦੀ ਗੱਲ ਇਹ ਹੈ ਕਿ ਪਿਛਲੇ 2 ਹਫ਼ਤੇ ਤੋਂ ਹਰ ਪਾਸੇ ਹੋ ਰਹੀ ਬਦਨਾਮੀ ਸਬੰਧੀ ਕਿਵੇਂ ਹਿੰਦੀ ਦਾ ਅਖ਼ਬਾਰ, ਜਬਰ ਜਿਨਾਹ, ਕਤਲਾਂ ਦੇ ਦੋਸ਼ੀ ਸੌਦਾ ਸਾਧ ਦੇ ਕੁਕਰਮਾਂ ਬਾਰੇ ਸਫ਼ਾਈ ਦੇ ਰਿਹਾ ਹੈ?
ਇਹ ਅਖ਼ਬਾਰ ਸਾਰੇ ਮੀਡੀਆ ਨੂੰ ਮੱਕਾਰ, ਝੂਠਾ, ਅੱਧਕੱਚਰੀ ਖ਼ਬਰਾਂ ਦੇਣ ਵਾਲਾ, ਦੁਸ਼ ਪ੍ਰਚਾਰੀ, ਸੱਚਾਈ ਦਾ ਗਲਾ ਘੁਟਣ ਵਾਲਾ, ਸਸਤੀ ਸ਼ੋਹਰਤ ਹਾਸਲ ਕਰਨ ਵਾਲਾ, ਪੱਤਰਕਾਰੀ ਦੇ ਅਸੂਲਾਂ ਨੂੰ ਛਿੱਕੇ ਟੰਗਣ ਵਾਲੇ ਸ੍ਰੋਤ ਕਹਿ ਰਿਹਾ ਹੈ। ਹਿੰਦੀ ਦਾ ਡੇਰੇ ਦਾ ਇਹ ਅਖ਼ਬਾਰ ਅਪਣੇ ਗੁੰਡੇ, ਹਿੰਸਾ ਫੈਲਾਉਣ ਵਾਲਿਆਂ ਬਦਮਾਸ਼ਾਂ ਤੇ ਸ਼ਰਾਰਤੀ ਅਨਸਰਾਂ ਦੀ ਤਾਂ ਕੋਈ ਗੱਲ ਨਹੀਂ ਕਰਦਾ ਪਰ ਮਾਰੇ ਗਏ 38 ਪ੍ਰੇਮੀਆਂ ਨੂੰ ਨਿਰਦੋਸ਼ ਆਖ ਰਿਹਾ ਹੈ, ਮਾਨਵਤਾ ਦੇ ਫ਼ਰਿਸ਼ਤੇ ਐਲਾਨ ਰਿਹਾ ਹੈ।
ਜ਼ਿਕਰਯੋਗ ਹੈ ਕਿ ਪੰਜਾਬੀ 'ਚ ਛਪਦਾ 'ਸੱਚ ਕਹੂੰ' ਅਖ਼ਬਾਰ 26 ਅਗੱਸਤ ਤੋਂ ਬੰਦ ਹੈ। ਹਿੰਦੀ ਅਖ਼ਬਾਰ ਨੇ ਇਹ ਵੀ ਲਿਖਿਆ ਹੈ ਕਿ ਪ੍ਰਿੰਟ ਤੇ ਇਲੈਕਟ੍ਰੋਨਿਕ ਮੀਡੀਆ ਸਮਾਜ ਤੇ ਲੋਕਾਂ ਨੂੰ ਗੁਮਰਾਹ ਕਰ ਰਿਹਾ ਹੈ, ਸਰਸਾ ਡੇਰੇ ਬਾਰੇ ਭਰਮ ਭੁਲੇਖੇ ਪਾ ਰਿਹਾ ਹੈ। ਅਖ਼ਬਾਰ ਕਹਿ ਰਿਹਾ ਹੈ ਕਿ ਇਸ ਵੇਲੇ ਅਪਣੇ ਪਰਾਏ ਦੀ ਪਛਾਣ ਹੋ ਰਹੀ ਹੈ। ਤਾੜਨਾ ਕੀਤੀ ਜਾ ਰਹੀ ਹੈ ਪ੍ਰੇਮੀਆਂ ਨੂੰ ਕਿ ਭਗਵਾਨ ਵੀ ਸੱਚ ਭਗਤਾਂ ਸਾਹਮਣੇ ਆ ਕੇ ਖੜ ਜਾਂਦਾ ਹੈ ਤਾਂ ਵੀ ਅਪਣੇ ਗੁਰੂ ਦੇ ਚਰਨਾਂ 'ਚ ਸਜਦਾ ਹੁੰਦਾ ਹੈ। ਹਿੰਦੀ 'ਸੱਚ ਕਹੂੰ' ਦੀ ਸੰਪਾਦਕੀ ਵਿਚ ਸਫ਼ਾ ਨੰਬਰ 6 'ਤੇ ਲਿਖਿਆ ਹੈ ਕਿ ਗੁਰੂ ਭਗਤੀ, ਵਿਸ਼ਵਾਸ, ਪਰਉਪਕਾਰ ਦੇ ਜਜ਼ਬੇ ਨੂੰ ਸਲਾਮ ਹੈ। ਪਹਿਲੀਆਂ ਸਤਰਾਂ ਵਿਚ ਲਿਖਿਆ ਕਿ ਰਾਮ ਰਹੀਮ ਪੂਜਨੀਕ ਸੰਤ ਹੈ, ਇਸ ਵਿਰੁਧ ਸਾਜ਼ਸ਼ ਰਚੀ ਗਈ, ਕਰੋੜਾਂ ਭਗਤਾਂ ਦੇ ਧੀਰਜ ਤੇ ਪਰਖ ਦੀ ਘੜੀ ਹੈ। ਸੰਪਾਦਕੀ ਵਿਚ ਸਾਫ਼ ਲਿਖਿਆ ਹੈ ਕਿ ਡੇਰਾ ਸ਼ਰਧਾਲੂਆਂ ਦੀ ਪੰਚਕੂਲਾ ਦੀ ਹਿੰਸਾ 'ਚ ਕੋਈ ਸ਼ਮੂਲੀਅਤ ਨਹੀਂ ਸੀ।
ਰਾਕੇਸ਼ ਛੌਕਰ ਨਾਮ ਦੇ ਸੰਪਾਦਕ ਨੇ ਡੇਰਾ ਪ੍ਰੇਮੀਆਂ ਨੂੰ ਬੇਗੁਨਾਹ, ਸ਼ਾਂਤਮਈ ਸ਼ਰਧਾਲੂ ਅਤੇ ਸੱਚੇ ਸੁੱਚੇ ਦਸਿਆ ਜਦੋਂ ਕਿ ਮੀਡੀਆ ਕਰਮੀਆਂ ਦੀਆਂ ਗੱਡੀਆਂ ਤੇ ਓ.ਬੀ. ਵੈਨਾਂ ਫੂਕਣ ਦੀ ਜ਼ਿੰਮੇਵਾਰੀ ਬਾਰੇ ਤੇ ਪਟਰੌਲ ਛਿੜਕ ਕੇ ਅੱਗਾਂ ਲਾਉਣ ਦੀ ਕੋਈ ਗੱਲ ਨਹੀਂ ਕੀਤੀ। ਪੰਜਾਬ ਦੇ ਮੀਡੀਆ ਕਰਮੀਆਂ ਤੇ ਸੱਤਾ ਦੇ ਗਲਿਆਰਿਆਂ 'ਚ ਡੇਰੇ ਦੀ ਇਸ ਅਖ਼ਬਾਰ 'ਚ ਲਿਖੇ ਇਕ ਪਾਸੜ ਵਿਚਾਰਾਂ, ਖ਼ਬਰਾਂ, ਪ੍ਰਕਾਸ਼ਤ ਸੰਪਾਦਕੀਆਂ ਪ੍ਰਤੀ ਗੁੱਸਾ, ਨਾਰਾਜ਼ਗੀ ਤੇ ਰੋਸ ਹੈ। ਇਕ ਬਜ਼ੁਰਗ ਤੇ ਤਜਰਬੇਕਾਰ ਪੱਤਰਕਾਰ ਨੇ ਕਿਹਾ ਕਿ ਪੰਜਾਬ ਸਰਕਾਰ ਸੁੱਤੀ ਕਿਉਂ ਪਈ ਹੈ, ਇਹੋ ਜਿਹੇ ਪਰਚੇ 'ਤੇ ਪਾਬੰਦੀ ਕਿਉਂ ਨਹੀਂ ਲਾਉਂਦੀ ਜਿਵੇਂ ਨਾਮ ਚਰਚਾ ਘਰ ਸੀਲ ਕੀਤੇ ਹਨ।