ਵੀਹਵੀਂ ਸਦੀ ਦੇ ਦੂਜੇ ਦਹਾਕੇ ਦੌਰਾਨ ਭਾਰਤ ਬੁਰੇ ਦੌਰ ਵਿਚੋਂ ਗੁਜ਼ਰ ਰਿਹਾ ਸੀ। ਮਾਰਸ਼ਲ ਲਾਅ ਲਗਾਉਣ ਅਤੇ ਜਲ੍ਹਿਆਂਵਾਲਾ ਬਾਗ਼ ਦੇ ਕਤਲੇਆਮ ਦੇ ਕਾਰਨ ਲੋਕਾਂ ਵਿਚ ਭਾਰੀ ਬੇਚੈਨੀ ਦਾ ਮਾਹੌਲ ਫੈਲਿਆ ਹੋਇਆ ਸੀ। ਇਸ ਸਮੇਂ ਦੌਰਾਨ ਇੰਗਲੈਂਡ ਤੋਂ ਆਪਣੀ ਸਿੱਖਿਆ ਪੂਰੀ ਕਰਨ ਪਿੱਛੋਂ ਅੰਮ੍ਰਿਤ ਕੌਰ ਇੰਗਲੈਂਡ ਤੋਂ ਵਾਪਸ ਆ ਗਈ ਸੀ। ਮਹਾਤਮਾ ਗਾਂਧੀ ਨੇ ਇੱਕ ਪੱਤਰ ਰਾਹੀਂ 1 ਅਕਤੂਬਰ 1936 ਵਿਚ ਅੰਮ੍ਰਿਤ ਕੌਰ ਨੂੰ ਲਿਖਿਆ ਸੀ, "ਹੁਣ ਮੈਂ ਉਸ ਔਰਤ ਦੀ ਤਲਾਸ਼ ਕਰ ਰਿਹਾ ਹਾਂ ਜੋ ਉਨ੍ਹਾਂ ਦੇ ਮਿਸ਼ਨ ਨੂੰ ਸਮਝ ਲਵੇਗੀ। ਕੀ ਤੁਸੀਂ ਉਹ ਔਰਤ ਹੋ, ਕੀ ਤੁਸੀਂ ਉਸ ਵਿਚੋਂ ਇੱਕ ਹੋ? " ਉਨ੍ਹਾਂ ਨੂੰ ਉਮੀਦ ਸੀ ਕਿ ਜ਼ਿਆਦਾ ਤੋਂ ਜ਼ਿਆਦਾ ਔਰਤਾਂ ਰਾਸ਼ਟਰਵਾਦੀ ਅੰਦੋਲਨ ਦਾ ਹਿੱਸਾ ਬਣਨਗੀਆਂ।
ਰਾਜਕੁਮਾਰੀ ਅੰਮ੍ਰਿਤ ਕੌਰ ਦਾ ਜਨਮ 2 ਫਰਵਰੀ, 1889 ਵਿਚ ਨਵਾਬਾਂ ਦੇ ਸ਼ਹਿਰ ਲਖਨਊ ਵਿਚ ਹੋਇਆ ਸੀ। ਉਨ੍ਹਾਂ ਦਾ ਸਬੰਧ ਪੰਜਾਬ ਦੇ ਕਪੂਰਥਲਾ ਵਿਚਲੇ ਰਾਜਘਰਾਣੇ ਨਾਲ ਸੀ। ਦੇਸ਼ ਦੀ ਵੰਡ ਤੋਂ ਬਾਅਦ ਅੰਮ੍ਰਿਤ ਕੌਰ ਮੱਧਵਰਤੀ ਸਰਕਾਰ ਵਿਚ ਕੇਂਦਰੀ ਮੰਤਰੀ ਰਹੇ ਸਨ। ਉਹ ਮਹਾਨ ਸਮਾਜ ਸੁਧਾਰਕ ਅਤੇ ਗਾਂਧੀਵਾਦੀ ਵੀ ਸਨ। ਦੇਸ਼ ਦੀ ਆਜ਼ਾਦੀ ਅਤੇ ਵਿਕਾਸ ਵਿਚ ਉਨ੍ਹਾਂ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ।
ਅੰਮ੍ਰਿਤ ਕੌਰ ਇੱਕ ਅਮੀਰ ਘਰਾਣੇ ਨਾਲ ਸਬੰਧ ਰੱਖਦੀ ਸੀ ਅਤੇ ਚਾਹੁੰਦੀ ਤਾਂ ਉਹ ਸ਼ਾਹੀ ਠਾਠ-ਬਾਠ ਨਾਲ ਰਾਜਸੀ ਜੀਵਨ ਬਤੀਤ ਕਰ ਸਕਦੀ ਸੀ ਪਰ ਉਨ੍ਹਾਂ ਨੇ ਸਾਰੇ ਰਾਜਸੀ ਸੁੱਖ ਛੱਡ ਕੇ ਦੇਸ਼ ਲਈ ਕੰਮ ਕਰਨਾ ਸ਼ੁਰੂ ਕੀਤਾ। ਭਾਰਤੀ ਆਜ਼ਾਦੀ ਅੰਦੋਲਨ ਦੇ ਦੌਰਾਨ ਉਨ੍ਹਾਂ ਦੀ ਭੂਮਿਕਾ ਬੇਹੱਦ ਮਹੱਤਵਪੂਰਨ ਸੀ। ਉਨ੍ਹਾਂ ਨੇ ਇਕ ਸਮਾਜ ਸੁਧਾਰਕ ਦੇ ਤੌਰ 'ਤੇ ਵੀ ਮਹੱਤਵਪੂਰਨ ਕਾਰਜ ਕੀਤਾ। ਰਾਜਾ ਹਰਨਾਮ ਸਿੰਘ ਕਾਫ਼ੀ ਧਾਰਮਿਕ ਅਤੇ ਨੇਕ ਦਿਲ ਇਨਸਾਨ ਸਨ। ਉਹ ਅਕਸਰ ਭਾਰਤੀ ਰਾਸ਼ਟਰੀ ਕਾਂਗਰਸ ਦੇ ਮਹੱਤਵਪੂਰਨ ਨੇਤਾਵਾਂ ਜਿਵੇਂ ਗੋਪਾਲ ਕ੍ਰਿਸ਼ਨ ਗੋਖਲੇ ਆਦਿ ਨਾਲ ਮਿਲਦੇ ਜੁਲਦੇ ਰਹਿੰਦੇ ਸਨ। ਸਿੱਖਿਆ ਪੂਰੀ ਕਰਨ ਦੇ ਬਾਅਦ ਅੰਮ੍ਰਿਤ ਕੌਰ ਨੇ ਵੀ ਆਜ਼ਾਦੀ ਲੜਾਈ ਦੇ ਪ੍ਰਤੀ ਰੁਚੀ ਲੈਣੀ ਸ਼ੁਰੂ ਕੀਤੀ ਅਤੇ ਅਜ਼ਾਦੀ ਸੈਨਾਨੀਆਂ ਦੀ ਕਾਰਜਸ਼ੈਲੀ ਦੇ ਬਾਰੇ ਵਿਚ ਜਾਣਕਾਰੀ ਹਾਸਲ ਕੀਤੀ ਸੀ।