ਧਾਰਮਿਕ ਮਸਲੇ 'ਤੇ ਘਿਰੀ ਪੰਜਾਬ ਸਰਕਾਰ, ਅਕਾਲੀ ਦਲ ਦਾ ਤਿੱਖਾ ਹਮਲਾ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਇੱਕ ਨਵੇਂ ਵਿਵਾਦ ਵਿੱਚ ਘਿਰ ਗਈ ਹੈ। ਸਰਕਾਰ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਮੌਕੇ ਜਾਰੀ ਇਸ਼ਤਿਹਾਰ ਵਿੱਚ ਕੰਪਿਊਟਰ ਰਾਹੀਂ ਨੈਪੋਲੀਅਨ ਬੋਨਾਪਾਰਟ ਦੀ ਫੋਟੋ ਨਾਲ ਛੇਡ਼ਛਾਡ਼ ਕਰਕੇ ਉਸਨੂੰ ਗੁਰੂ ਸਾਹਿਬ ਦੀ ਤਸਵੀਰ ਵਜੋਂ ਪੇਸ਼ ਕੀਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਨੇ ਇਸ ਨੂੰ ਘੋਰ ਬੇਅਦਬੀ ਕਰਾਰ ਦਿੱਤਾ ਹੈ। ਅਕਾਲੀ ਦਲ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਇਸ ਗੁਨਾਹ ਲਈ ਸਿੱਖ ਸੰਗਤ ਤੋਂ ਤੁਰੰਤ ਮੁਆਫੀ ਮੰਗੇ ਤੇ ਦੋਸ਼ੀ ਅਧਿਕਾਰੀਆਂ ਤੇ ਇਸ਼ਤਿਹਾਰ ਏਜੰਸੀ ਖਿਲਾਫ ਸਖ਼ਤ ਕਾਰਵਾਈ ਕਰੇ।

ਪਾਰਟੀ ਦੇ ਬੁਲਾਰੇ ਤੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਆਖਿਆ ਕਿ ਪੰਜਾਬ ਸਰਕਾਰ ਨੇ ਗੁਰੂ ਸਾਹਿਬ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਮੌਕੇ ਜਾਰੀ ਇਸ਼ਤਿਹਾਰ ਵਿੱਚ ਗੁਰੂ ਸਾਹਿਬ ਦੀ ਜੋ ਤਸਵੀਰ ਪ੍ਰਕਾਸ਼ਤ ਕੀਤੀ ਗਈ ਹੈ, ਉਹ ਅਸਲ ਵਿੱਚ ਸ਼ਾਸਕ ਨੈਪੋਲੀਅਨ ਬੋਪਾਰਟ ਦੀ ਸੀ। ਉਸ ਵਿੱਚ ਕੰਪਿਊਟਰ ਰਾਹੀਂ ਛੇਡ਼ਛਾਡ਼ ਕਰਕੇ ਨੈਪੋਲੀਅਨ ਦੀ ਥਾਂ ਗੁਰੂ ਸਾਹਿਬ ਨੂੰ ਘੋਡ਼ੇ ‘ਤੇ ਸਵਾਰ ਦਰਸਾਇਆ ਗਿਆ ਹੈ।

ਉਨ੍ਹਾਂ ਕਿਹਾ ਕਿ ਅਸਲ ਤਸਵੀਰ 1800 ਈ. ਦੀ ਹੈ ਜੋ ਗੁਰੂ ਸਾਹਿਬ ਦੇ ਸਮੇਂ ਤੋਂ ਇੱਕ ਸਦੀ ਬਾਅਦ ਦੀ ਹੈ। ਉਨ੍ਹਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਗੁਰੂ ਸਾਹਿਬ ਦੀਆਂ ਅਨੇਕਾਂ ਤਸਵੀਰਾਂ ਹੁੰਦਿਆਂ ਹੋਇਆਂ ਵੀ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ ਨੈਪੋਲੀਅਨ ਵਾਲੀ ਤਸਵੀਰ ਵਿੱਚ ਛੇਡ਼ਖਾਨੀ ਕਰਕੇ ਗੁਰੂ ਸਾਹਿਬ ਨੂੰ ਘੋਡ਼ੇ ‘ਤੇ ਸਵਾਰ ਦਰਸਾਉਣ ਦਾ ਘੋਰ ਪਾਪ ਕਿਉਂ ਕੀਤਾ ?

ਡਾ. ਚੀਮਾ ਨੇ ਕਿਹਾ ਕਿ ਘੋਡ਼ੇ ‘ਤੇ ਸਵਾਰ ਨੈਪੋਲੀਅਨ ਬੋਪਾਪਾਰਟ ਦੀ ਇਹ ਤਸਵੀਰ ਸਾਰੀ ਦੁਨੀਆਂ ਵਿੱਚ ਪ੍ਰਚਲਤ ਹੈ ਤੇ ਵੱਖ ਵੱਖ ਮਿਊਜੀਅਮ ਵਿੱਚ ਲੱਗੀ ਤੇ ਕਿਤਾਬਾਂ ਵਿਚ ਛਪੀ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪ੍ਰਕਾਸ਼ਤ ਹੋਏ ਇਸ਼ਤਿਹਾਰ ਵਿਚ ਗੁਰੂ ਸਾਹਿਬ ਦੀ ਤਸਵੀਰ ਤੇ ਨੈਪੋਲੀਅਨ ਦੀ ਤਸਵੀਰ ਵਿਚਲੇ ਸਾਰੇ ਤੱਤ ਇੱਕ ਹੀ ਹਨ। ਘੋਡ਼ੇ ਦਾ ਮੂੰਹ, ਸਾਰਾ ਸਰੀਰ, ਗਰਦਨ ਦੇ ਵਾਲ, ਪੂੰਛ, ਘੋਡ਼ੇ ਦੀਆਂ ਰਕਾਬਾਂ, ਕਾਠੀ, ਚੱਟਾਨ ਤੇ ਹੋਰ ਸਾਜੋ ਸਾਮਾਨ, ਸਾਰੇ ਹੀ ਨੈਪੋਲੀਅਨ ਬੋਨਪਾਰਟ ਵਾਲੀ ਤਸਵੀਰ ਦਾ ਮੂਲ ਹਿੱਸਾ ਹਨ। ਜਿਹਡ਼ੇ ਉਪਰਲੇ ਵਸਤਰ ਗੁਰੂ ਸਾਹਿਬ ਦੇ ਓਡ਼ੇ ਹੋਏ ਵਿਖਾਏ ਦੇ ਰਹੇ ਹਨ, ਉਹ ਵੀ ਅਸਲ ਤਸਵੀਰ ਵਿਚ ਨੈਪੋਲੀਅਨ ਬੋਨਾਪਰਟ ਨੇ ਹੀ ਓਡ਼ੇ ਹੋਏ ਹਨ।