ਦਿੱਲੀ 'ਚ ਹੁੱਕਾ ਬਾਰ ਨੂੰ ਬੰਦ ਕਰਾਉਣ ਲਈ ਪਹਿਲੀ ਬਾਰ ਲੱਗੇਗੀ ਪ੍ਰਦਰਸ਼ਨੀ

ਖ਼ਬਰਾਂ, ਪੰਜਾਬ

ਪਟਿਆਲਾ- ਰਾਜਧਾਨੀ ਦਿੱਲੀ 'ਚ ਪਹਿਲੀ ਵਾਰ ਲੋਕ ਅਜਿਹੀ ਪ੍ਰਦਰਸ਼ਨੀ ਵੇਖਣਗੇ ਜਿਸ ਦਾ ਮਕਸਦ ਦਿੱਲੀ 'ਚ 'ਹੁੱਕਾ ਬਾਰ' 'ਤੇ ਮੁਕੰਮਲ ਪਾਬੰਦੀ ਲਾਗੂ ਕਰਵਾਉਣ ਲਈ ਹਮਾਇਤ ਜੁਟਾਉਣਾ ਹੈ। ਇਹ ਪ੍ਰਦਰਸ਼ਨੀ ਦਿੱਲੀ ਦੇ ਵਿਧਾਇਕ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਲਾਈ ਜਾ ਰਹੀ ਹੈ। ਸਿਰਸਾ ਨੇ ਦੱਸਿਆ ਕਿ ਇਹ ਪ੍ਰਦਰਸ਼ਨੀ 22 ਸਤੰਬਰ ਨੂੰ 11 ਵਜੇ ਕਨਾਟ ਪੈਲੇਸ (ਨੇੜੇ ਪਾਲਿਕਾ ਬਾਜ਼ਾਰ) ਨਵੀਂ ਦਿੱਲੀ ਵਿਖੇ ਲੋਕਾਂ ਲਈ ਲਾਈ ਜਾ ਰਹੀ ਹੈ। 

ਪ੍ਰਦਰਸ਼ਨੀ ਹੁੱਕਾ ਪੀਣ ਨਾਲ ਸਰੀਰ 'ਤੇ ਪੈਣ ਵਾਲੇ ਦੁਸਟ ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਣਕਾਰੀ ਦੇਵੇਗੀ। ਇਸ ਦਾ ਮੁੱਖ ਮਸਕਦ ਦਿੱਲੀ ਵਿਚ 'ਹੁੱਕਾ ਬਾਰ' 'ਤੇ ਮੁਕੰਮਲ ਪਾਬੰਦੀ ਲਾਗੂ ਕਰਵਾਉਣਾ ਹੈ। ਉਨ੍ਹਾਂ ਦੱਸਿਆ ਕਿ ਉਹ ਇਹ ਪ੍ਰਦਰਸ਼ਨੀ ਨੌਜਵਾਨ ਗੁਰਪ੍ਰੀਤ ਸਿੰਘ ਨੂੰ ਸਮਰਪਿਤ ਕਰ ਰਹੇ ਹਨ, ਜਿਸ ਨੇ ਦਿੱਲੀ ਵਿਚ ਜਨਤਕ ਥਾਵਾਂ 'ਤੇ ਸਿਗਰਟਨੋਸ਼ੀ ਦਾ ਵਿਰੋਧ ਕਰਦਿਆਂ ਆਪਣੀ ਜਾਨ ਗਵਾਈ ਸੀ।

ਉਨ੍ਹਾਂ ਕਿਹਾ ਕਿ ਹੁੱਕਾ ਪੀਣਾ ਸਿਗਰਟ ਪੀਣ ਨਾਲੋਂ ਕਿਤੇ ਜ਼ਿਆਦਾ ਖਤਰਨਾਕ ਹੈ। ਇੱਕ ਸੈਸ਼ਨ ਵਿਚ ਹੀ ਇਕ ਵਿਅਕਤੀ 150 ਸਿਗਰਟਾਂ ਜਿੰਨਾ ਨਸ਼ਾ ਅੰਦਰ ਖਿੱਚ ਲੈਂਦਾ ਹੈ। ਉਨ੍ਹਾਂ ਕਿਹਾ ਕਿ 13 ਤੋਂ 15 ਸਾਲ ਦੀ ਉਮਰ ਦੇ ਅੱਲ੍ਹੜ ਨੌਜਵਾਨ ਹੁੱਕਾ ਪੀਣ ਦੇ ਸਭ ਤੋਂ ਵੱਧ ਆਦੀ ਹਨ। ਮੰਦਭਾਗੀ ਗੱਲ ਹੈ ਕਿ ਹਰ ਰੋਜ਼ 2500 ਵਿਅਕਤੀ ਇਸ ਆਦਤ ਕਾਰਨ ਮੌਤ ਦੇ ਮੂੰਹ ਵਿਚ ਪੈ ਰਹੇ ਹਨ। ਹਰਿਆਣਾ ਤੇ ਪੰਜਾਬ ਪਹਿਲਾਂ ਹੀ ਆਪਣੇ ਰਾਜਾਂ ਵਿਚ 'ਹੁੱਕਾ ਬਾਰ' 'ਤੇ ਪਾਬੰਦੀ ਲਾ ਚੁੱਕੇ ਹਨ। 

ਸਿਰਸਾ ਨੇ ਦੱਸਿਆ ਕਿ ਸਮਾਜ ਦੀਆਂ ਕਈ ਅਹਿਮ ਹਸਤੀਆਂ ਜਿਨ੍ਹਾਂ ਵਿਚ ਜਨਰਲ ਜੇ. ਜੇ. ਸਿੰਘ ਸਾਬਕਾ ਮੁਖੀ ਭਾਰਤੀ ਫੌਜ, ਮਨੋਜ ਤਿਵਾੜੀ ਐੈੱਮ. ਪੀ. ਅਤੇ ਪ੍ਰਧਾਨ ਦਿੱਲੀ ਭਾਜਪਾ, ਕੇ. ਟੀ. ਐੈੱਸ. ਤੁਲਸੀ ਵਕੀਲ ਤੇ ਐੈੱਮ. ਪੀ., ਸਾਹਿਬ ਸਿੰਘ ਵਰਮਾ ਐੈੱਮ. ਪੀ., ਮਨਜੀਤ ਸਿੰਘ ਜੀ. ਕੇ. ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਮਹੇਸ਼ ਗਿਰੀ ਐੈੱਮ. ਪੀਜ਼ ਆਦਿ ਨੇ ਦਿੱਲੀ ਵਿਚ 'ਹੁੱਕਾ ਬਾਰ' ਖਿਲਾਫ ਮੁਹਿੰਮ ਸ਼ੁਰੂ ਕਰਨ 'ਤੇ ਇਸ ਦੀ ਹਮਾਇਤ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨੀ ਦਾ ਮਕਸਦ ਲੋਕਾਂ ਨੂੰ ਇਸ ਆਦਤ ਦੇ ਮਾੜੇ ਪ੍ਰਭਾਵ ਤੋਂ ਜਾਣੂ ਕਰਵਾਉਣਾ ਅਤੇ 'ਹੁੱਕਾ ਬਾਰ' 'ਤੇ ਪਾਬੰਦੀ ਲਵਾਉਣ ਲਈ ਸਰਕਾਰ 'ਤੇ ਦਬਾਅ ਪਾਉਣ ਲਈ ਹਮਾਇਤ ਜੁਟਾਉਣਾ ਹੈ।