ਚੰਡੀਗੜ੍ਹ, 18 ਅਕਤੂਬਰ (ਨੀਲ ਭਲਿੰਦਰ ਸਿੰਘ) : ਦੀਵਾਲੀ ਤੋਂ ਐਨ ਪਹਿਲਾਂ ਸੰਗਰੂਰ ਜ਼ਿਲ੍ਹੇ ਖ਼ਾਸਕਰ ਸੁਨਾਮ ਦੇ ਨਿੱਕੇ ਅਤੇ ਆਰਜ਼ੀ ਦੁਕਾਨਦਾਰਾਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਕੋਲੋਂ ਅੱਜ ਵੱਡੀ ਰਾਹਤ ਮਿਲ ਗਈ। ਹਾਈ ਕੋਰਟ ਦੇ ਇਕਹਿਰੇ ਬੈਂਚ ਨੇ ਜ਼ਿਲ੍ਹੇ ਦੇ ਇਨ੍ਹਾਂ ਦੁਕਾਨਦਾਰਾਂ ਆਦਿ ਨੂੰ ਦੋ ਦਿਨ 18 ਅਤੇ 19 ਅਕਤੂਬਰ ਦੌਰਾਨ ਦਰਮਿਆਨੇ ਪੱਧਰ ਦੇ (ਕੰਨ-ਪਾੜੂ ਨਹੀਂ) ਪਟਾਕੇ ਵੇਚਣ ਦੀ ਇਜਾਜ਼ਤ ਦੇ ਦਿਤੀ।ਦੁਕਾਨਦਾਰਾਂ ਨੇ ਦੀਵਾਲੀ ਦੀਆਂ ਛੁੱਟੀਆਂ ਕਾਰਨ ਹੰਗਾਮੀ ਤੌਰ 'ਤੇ ਛੁੱਟੀਆਂ ਵਾਲੇ ਬੈਂਚ ਕੋਲ ਪਹੁੰਚ ਕੀਤੀ ਸੀ। ਜਸਟਿਸ ਰਾਜਬੀਰ ਸ਼ੇਰਾਵਤ ਦੇ ਛੁੱਟੀਆਂ ਵਾਲੇ ਬੈਂਚ ਨੂੰ ਦਸਿਆ ਗਿਆ ਕਿ ਹਾਈ ਕੋਰਟ ਦੇ ਦੋਹਰੇ ਬੈਂਚ ਦੇ ਹੀ 13 ਅਕਤੂਬਰ 2017 ਦੇ ਹੁਕਮਾਂ ਮੁਤਾਬਕ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਪਟਾਕੇ ਵੇਚਣ ਹਿਤ ਇਛੁੱਕ ਲੋਕਾਂ ਕੋਲੋਂ ਅਰਜ਼ੀਆਂ ਮੰਗੀਆਂ ਜਾਣੀਆਂ ਸਨ ਅਤੇ ਪਿਛਲੇ ਸਾਲ ਜਾਰੀ ਅਰਜ਼ੀ ਲਾਇਸੰਸਾਂ ਦੇ ਵੀਹ ਫ਼ੀ ਸਦੀ ਇਸ ਵਾਰ ਜਾਰੀ ਕੀਤੇ ਜਾਣੇ ਸਨ ਪਰ ਪ੍ਰਸ਼ਾਸਨ ਮੁਤਾਬਕ ਪਿਛਲੇ ਸਾਲ ਜ਼ਿਲ੍ਹੇ ਅੰਦਰ ਕੋਈ ਲਾਇਸੰਸ ਜਾਰੀ ਹੀ ਨਾ ਕੀਤਾ ਗਿਆ ਹੋਣ ਕਰ ਕੇ ਇਸ ਵਾਰ ਅਦਾਲਤੀ ਹੁਕਮਾਂ ਮੁਤਾਬਕ ਵੀਹ ਫ਼ੀ ਸਦੀ ਨੂੰ ਜਾਰੀ ਕਰਨ ਹਿਤ ਅਰਜ਼ੀਆਂ ਮੰਗੀਆਂ ਹੀ ਨਹੀਂ ਗਈਆਂ।