ਦੋ ਕਿਸਾਨਾਂ ਨੇ ਕੀਤੀ ਖ਼ੁਦਕੁਸ਼ੀ

ਖ਼ਬਰਾਂ, ਪੰਜਾਬ

ਬੁਢਲਾਡਾ, 21 ਸਤੰਬਰ (ਕੁਲਵਿੰਦਰ ਚਹਿਲ, ਤਰਸੇਮ ਸ਼ਰਮਾ) :  ਇਥੋਂ ਨੇੜਲੇ ਪਿੰਡ ਅਹਿਮਦਪੁਰ ਦੇ 50  ਸਾਲਾ ਕਿਸਾਨ ਮਿਸਰਾ ਸਿੰਘ ਪੁੱਤਰ ਹਰੀ ਸਿੰਘ ਨੇ ਕਰਜ਼ੇ ਦਾ ਭਾਰ ਨਾ ਸਹਿੰਦਿਆਂ ਖ਼ੁਦਕੁਸ਼ੀ ਕਰ ਲਈ ਹੈ। ਉਸ ਦੇ ਸਿਰ 7 ਲੱਖ ਰੁਪਏ ਦਾ ਕਰਜ਼ਾ ਸੀ, ਪੰਜਾਬ ਨੈਸ਼ਨਲ ਬੈਂਕ ਦਾ ਉਹ 5 ਲੱਖ ਦਾ ਕਰਜ਼ਦਾਰ ਸੀ। ਕਰਜ਼ਾ ਨਾ ਮੋੜਨ ਦੀ ਸੂਰਤ ਵਿਚ ਅਦਾਲਤੀ ਨੋਟਿਸ ਜਾਰੀ ਕੀਤਾ ਹੋਇਆ ਸੀ। ਮ੍ਰਿਤਕ ਕਿਸਾਨ 2 ਲੱਖ ਰੁਪਏ ਆੜ੍ਹਤੀਆਂ ਦਾ ਅਤੇ ਹੋਰ ਦੇਣਦਾਰੀ ਦੇ ਬੋਝ ਹੇਠ ਸੀ। ਦੋ ਸਾਲ ਪਹਿਲਾਂ ਉਸ ਨੇ ਅਪਣੀ ਵੱਡੀ ਬੇਟੀ ਅਮਨਦੀਪ ਕੌਰ ਵਿਆਹ ਕੀਤਾ ਸੀ। ਉਸ ਦੇ ਦੋ ਪੁੱਤਰ ਹਨ ਜਿਨ੍ਹਾਂ 'ਚੋਂ ਇਕ ਗੁੰਗਾ ਬਹਿਰਾ ਹੈ। ਇਹ ਕਿਸਾਨ ਲਗਭਗ ਤਿੰੰਨ ਏਕੜ ਜ਼ਮੀਨ ਦਾ ਮਾਲਕ ਸੀ। ਮ੍ਰਿਤਕ ਦੀ ਲਾਸ਼ ਇਥੋਂ ਦੇ ਸਿਵਲ ਹਸਪਤਾਲ ਵਿਚੋਂ  ਪੋਸਟਮਾਰਟਮ ਤੋਂ ਬਾਅਦ ਬਾਰਸਾਂ ਹਵਾਲੇ ਕਰ ਦਿਤੀ ਗਈ।  ਸਿਟੀ ਪੁਲਿਸ  ਦੇ ਏ.ਐਸ.ਆਈ. ਬਲਵਿੰਦਰ ਨੇ ਦਸਿਆ ਕਿ ਇਸ ਮਾਮਲੇ ਸਬੰਧੀ 174 ਦੀ ਕਾਰਵਾਈ ਕਰ ਕੇ ਕੇਸ ਦਰਜ ਕਰ ਲਿਆ ਹੈ।
ਬਠਿੰਡਾ (ਦਿਹਾਤੀ), (ਲੁਭਾਸ਼ ਸਿੰਗਲਾ/ਜਸਵੀਰ ਸਿੱਧੂ/ਗੁਰਪ੍ਰੀਤ ਸਿੰਘ) : ਜ਼ਿਲ੍ਹੇ ਦੇ ਪਿੰਡ ਨੰਗਲਾ ਦੇ ਇਕ ਕਰਜੇ ਤੋ ਦੁਖੀ ਕਿਸਾਨ ਵਲੋਂ ਜ਼ਹਿਰੀਲਾ ਘੋਲ ਪੀ ਕੇ ਖ਼ੁਦਕਸ਼ੀ ਕਰ ਲਈ ਗਈ ਹੈ। ਜਾਣਕਾਰੀ ਅਨੁਸਾਰ ਨਿਰਮਲ ਸਿੰਘ ਪੁੱਤਰ ਨਾਜ਼ਮ ਸਿੰਘ ਪਿੰਡ ਨੰਗਲਾ ਕੋਲ 5 ਏਕੜ ਵਾਹਨ ਸੀ, ਜਦਕਿ ਕਿਸਾਨ ਸਿਰ ਕਰੀਬ 4 ਲੱਖ ਦਾ ਕਰਜ਼ਾ ਸੀ। ਪਰ ਨਰਮੇ ਦੀ ਫ਼ਸਲ ਸਪਰੇਅ ਕਾਰਨ ਖ਼ਰਾਬ ਹੋਣ ਕਾਰਨ ਕਿਸਾਨ ਪ੍ਰੇਸ਼ਾਨ ਰਹਿੰਦਾ ਸੀ। ਜਿਸ ਨੇ ਬੀਤੀ ਰਾਤ ਖੇਤ 'ਚ ਕੀੜੇਮਾਰ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਕਿਸਾਨ ਅਪਣੇ ਪਿੱਛੇ ਤਿੰਨ ਧੀਆਂ ਤੇ ਇਕ ਪੁੱਤ ਛੱਡ ਗਿਆ ਹੈ।