ਅੰਮ੍ਰਿਤਸਰ,
16 ਸਤੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ
ਸਿੰਘ ਕਤਲ ਕਾਂਡ ਵਿਚ ਸਜ਼ਾ ਦਾ ਸਾਹਮਣਾ ਕਰ ਰਹੇ ਤਿਹਾੜ ਜੇਲ੍ਹ ਦਿੱਲੀ ਵਿਚ ਬੰਦ ਸ਼੍ਰੀ
ਅਕਾਲ ਤਖਤ ਸਾਹਿਬ ਦੇ ਸਰਬੱਤ ਖਾਲਸਾ ਸੰਮੇਲਨ 2015 ਦੌਰਾਨ ਥਾਪੇ ਗਏ ਕੌਮੀ ਜੱਥੇਦਾਰ
ਜਗਤਾਰ ਸਿੰਘ ਹਵਾਰਾ ਤੇ ਦਇਆ ਸਿੰਘ ਲਾਹੌਰੀਆ ਤੇ ਜੇਲ੍ਹ ਪ੍ਰਸ਼ਾਸ਼ਨ ਤੇ ਪੁਲਿਸ ਵਲੋਂ ਢਾਹੇ
ਗਏ ਮਾਨਸਿਕ ਤੇ ਸਰੀਰਿਕ ਤਸ਼ੱਦਦ ਦੀ ਕਰੜੀ ਨਿੰਦਿਆ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਅ) ਦੇ
ਜਰਨੈਲ ਸਿੰਘ ਸਖੀਰਾ ਨੇ ਕਿਹਾ ਕਿ ਜੇਲ੍ਹ ਪ੍ਰਸ਼ਾਸ਼ਨ ਤੇ ਪੁਲਿਸ ਦੀ ਇਸ ਕਾਲੀ ਕਰਤੂਤ ਦੇ
ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗੁਵਾਈ ਵਾਲੀ ਕੇਂਦਰ ਦੀ ਭਾਜਪਾ ਸਰਕਾਰ ਦਾ ਸਿੱਖ
ਵਿਰੋਧੀ ਚਿਹਰਾ ਨੰਗਾ ਹੋਇਆ ਹੈ।
ਸਖੀਰਾ ਨੇ ਕਿਹਾ ਕਿ ਤਸ਼ੱਦਦ ਤੋਂ ਬਾਅਦ ਦੋਵਾਂ
ਸਿੰਘਾਂ ਨੂੰ ਚੱਕੀਆਂ ਵਿਚ ਨਜ਼ਰਬੰਦ ਕਰਨਾ ਜ਼ੰਮਹੂਰੀ ਕਦਰਾਂ ਕੀਮਤਾਂ ਦਾ ਕਤਲ ਹੈ ਜੋ ਅਸਹਿ
ਹੈ। ਭਾਜਪਾ, ਕਾਂਗਰਸ ਤੇ ਆਰ.ਐਸ.ਐਸ. ਤਿੰਨੇ ਹੀ ਸਿੱਖਾਂ ਦੀਆਂ ਦੁਸ਼ਮਣ ਜ਼ਮਾਤਾਂ ਹਨ।
ਜਿੰਨ੍ਹਾਂ ਦੇ ਨਾਲ ਪੰਥਕ ਰਹੁ-ਰੀਤਾਂ, ਰਵਾਇਤਾ ਤੇ ਪਰੰਪਰਾਵਾਂ ਦੇ ਰਖਵਾਲਿਆਂ ਦੀ ਕਦੇ
ਵੀ ਸਾਂਝ ਨਹੀਂ ਪੈ ਸਕਦੀ।
ਕੇਂਦਰ ਸਰਕਾਰ ਨੇ ਕੌਮੀ ਜੱਥੇਦਾਰ ਭਾਈ ਜਗਤਾਰ ਸਿੰਘ
ਹਵਾਰਾ ਤੇ ਦਇਆ ਸਿੰਘ ਲਾਹੌਰੀਆਂ ਦੇ ਨਾਲ ਇਹ ਵਧੀਕੀ ਕਰਕੇ ਪੰਥ ਦਰਦੀਆਂ ਤੇ ਪੰਥਕ
ਹਿਤੈਸ਼ੀਆਂ ਦੇ ਸਿਰ ਨਵੀਂ ਭਾਜੀ ਚਾੜ੍ਹੀ ਹੈ, ਜਿਸ ਦਾ ਮੂੰਹ ਤੋੜਵਾਂ ਜਵਾਬ ਸ਼੍ਰੋਮਣੀ
ਅਕਾਲੀ ਦਲ (ਅ) ਦੇ ਵਲੋਂ ਦਿਤਾ ਜਾਵੇਗਾ। ਸਖੀਰਾ ਨੇ ਕਿਹਾ ਇਹ ਮਾਮਲਾ ਕੌਮੀ ਜੱਥੇਦਾਰਾਂ
ਦੇ ਧਿਆਨ ਹਿੱਤ ਲਿਆਉਣ ਤੋਂ ਇਲਾਵਾ ਹਮਖਿਆਲੀ ਮਨੁੱਖੀ ਅਧਿਕਾਰ ਸੰਗਠਨਾਂ ਤੇ ਯੂ.ਐਨ.ਓ.
ਤਕ ਵੀ ਪਹੁੰਚਾਇਆ ਜਾਵੇਗਾ।