ਚੰਡੀਗੜ੍ਹ, 5 ਫ਼ਰਵਰੀ (ਸ.ਸ.ਸ.) : ਸਟੇਟ ਪੈਸਟ ਸਰਵੇਲੈਂਸ ਐਂਡ ਐਡਵਾਈਜ਼ਰੀ ਯੂਨਿਟ, ਪੰਜਾਬ ਦੀ ਮੀਟਿੰਗ ਮਾਨਯੋਗ ਸ੍ਰੀ ਜਸਬੀਰ ਸਿੰਘ ਬੈਂਸ, ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਪੰਜਾਬੀ ਖੇਤੀਬਾੜੀ ਯੂਨੀਵਰਸਟੀ ਲੁਧਿਆਣਾ, ਸੀ.ਆਈ.ਪੀ.ਐਮ.ਸੀ. ਜਲੰਧਰ, ਬਾਗਬਾਨੀ ਵਿਭਾਗ ਅਤੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਭਾਗ ਲਿਆ। ਮੀਟਿੰਗ ਵਿਚ ਪੰਜਾਬ ਰਾਜ ਵਿਚ ਬੀਜੀਆਂ ਵੱਖ-ਵੱਖ ਫ਼ਸਲਾਂ ਕਣਕ, ਫਲਾਂ ਅਤੇ ਸਬਜ਼ੀਆਂ ਉਪਰ ਕੀੜੇ-ਮਕੌੜੇ ਅਤੇ ਬੀਮਾਰੀਆਂ ਦੇ ਹਮਲੇ ਅਤੇ ਫ਼ਸਲਾਂ ਦੀ ਹਾਲਤ ਬਾਰੇ ਚਰਚਾ ਕੀਤੀ। ਸੀ.ਆਈ.ਪੀ.ਐਮ.ਸੀ., ਜਲੰਧਰ ਅਤੇ ਖੇਤੀਬਾੜੀ ਵਿਭਾਗ ਰੂਪਨਗਰ ਦੇ ਅਧਿਕਾਰੀਆਂ ਨੇ ਧਿਆਨ ਵਿਚ ਲਿਆਂਦਾ ਕਿ ਬਲਾਕ ਸ੍ਰੀ ਅਨੰਦਪੁਰ ਸਾਹਿਬ ਵਿਚ ਪੀਲੀ ਕੁੰਗੀ ਦੇ ਹਾਟ ਸਪਾਟ ਵੇਖੇ ਗਏ ਹਨ। ਅਧਿਕਾਰੀਆਂ ਵਲੋਂ ਇਨ੍ਹਾਂ ਖੇਤਾਂ ਵਿਚ ਉੱਲੀਨਾਸ਼ਕ ਦਾ ਸਪਰੇ ਕਰਵਾ ਦਿਤਾ ਗਿਆ ਹੈ ਅਤੇ ਹੁਣ ਸਥਿਤੀ ਕੰਟਰੋਲ ਹੇਠ ਹੈ।