ਚੰਡੀਗੜ੍ਹ,
10 ਸਤੰਬਰ (ਜੀ.ਸੀ.ਭਾਰਦਵਾਜ) : ਭਾਰਤੀ ਫ਼ੌਜ ਵਿਚ ਰਾਖਵਾਂਕਰਨ ਦੀ ਵਕਾਲਤ ਕਰਦੇ ਹੋਏ
ਕੇਂਦਰੀ ਸਮਾਜਕ ਸੁਰੱਖਿਆ ਰਾਜ ਮੰਤਰੀ ਨੇ ਕਿਹਾ ਕਿ ਆਉਂਦੇ ਸਮੇਂ ਵਿਚ ਉਹ ਇਸ ਮੁੱਦੇ 'ਤੇ
ਕੇਂਦਰੀ ਮੰਤਰੀ ਮੰਡਲ ਅਤੇ ਸੰਸਦ ਵਿਚ ਨੁਕਤਾ ਉਠਾਉਣਗੇ ਅਤੇ ਮੋਦੀ ਸਰਕਾਰ ਨੂੰ ਨਵਾਂ
ਕਾਨੂੰਨ ਬਣਾਉਣ ਲਈ ਪ੍ਰੇਰਿਤ ਕਰਨਗੇ।
ਅੱਜ ਇਥੇ ਪ੍ਰੈੱਸ ਕਲੱਬ ਵਿਚ ਇਕ ਪ੍ਰੈੱਸ
ਵਾਰਤਾ ਦੌਰਾਨ ਰਾਮਦਾਸ ਉਠਾਵਲੇ ਨੇ ਕਿਹਾ ਕਿ ਆਰਮੀ, ਏਅਰ ਫ਼ੋਰਸ, ਨੇਵੀ ਤੇ ਹੋਰ ਕੇਂਦਰੀ
ਅਰਧ ਸੈਨਿਕ ਬਲਾਂ ਵਿਚ ਅਨੁਸੂਚਿਤ ਜਾਤੀ ਤੇ ਦਲਿਤਾਂ ਲਈ ਵੱਖ-ਵੱਖ ਕੈਟਾਗਰੀ ਵਿਚ
ਰਾਖਵੀਆਂ ਸੀਟਾਂ ਹੋਣੀਆਂ ਚਾਹੀਦੀਆਂ ਹਨ ਅਤੇ ਜੋ ਲੋੜ ਪਵੇ ਤਾਂ ਵਿਦਿਅਕ ਯੋਗਤਾ ਤੇ
ਸਰੀਰਕ ਫ਼ਿਟਨਸ 'ਚ ਵੀ ਨਰਮੀ ਕਰ ਕੇ ਭਰਤੀ ਕਰਨੀ ਚਾਹੀਦੀ ਹੈ। ਜਾਟਾਂ, ਪਟੇਲਾਂ,
ਬ੍ਰਾਹਮਣਾਂ ਤੇ ਹੋਰ ਬਿਰਾਦਰੀਆਂ ਵਲੋਂ ਹਰਿਆਣਾ, ਮਹਾਰਾਸ਼ਟਰ, ਗੁਜਰਾਤ, ਯੂ.ਪੀ. ਤੇ ਹੋਰ
ਰਾਜਾਂ ਵਿਚ ਰਾਖਵਾਂਕਰਨ ਦੇ ਮੁੱਦੇ 'ਤੇ ਕੀਤੀਆਂ ਜਾ ਰਹੀਆਂ ਹੜਤਾਲਾਂ ਤੇ ਅੰਦੋਲਨਾਂ ਦੇ
ਸਬੰਧ ਵਿਚ ਉਠਾਵਲੇ ਨੇ ਸਪੱਸ਼ਟ ਕੀਤਾ ਕਿ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ ਅਨੁਸਾਰ ਇਹ
ਰਾਖਵਾਂਕਰਨ 50 ਫ਼ੀ ਸਦੀ ਤੋਂ ਵੱਧ ਨਹੀਂ ਮਿਲ ਸਕਦਾ ਪਰ ਇਸ ਵਿਚ ਵੀ ਵਿਅਕਤੀ ਜਾਂ ਪਰਵਾਰ
ਦੀ ਆਮਦਨੀ ਦੀ ਸ਼ਰਤ ਲਾਗੂ ਕੀਤੀ ਜਾਵੇਗੀ।
ਦਲਿਤਾਂ ਲਈ ਰਾਖਵਾਂਕਰਨ ਦੇ ਸਵਾਲ 'ਤੇ
ਕੇਂਦਰੀ ਮੰਤਰੀ ਨੇ ਸਾਫ਼ ਸਾਫ਼ ਕਿਹਾ ਕਿ ਇਹ ਰਾਖਵਾਂਕਰਨ ਜਾਤ ਦੇ ਆਧਾਰ 'ਤੇ ਹੀ ਕਾਇਮ
ਰਹੇਗਾ ਇਸ ਵਿਚ ਆਮਦਨੀ ਦੀ ਕੋਈ ਸੀਮਾ ਨਹੀਂ ਤੈਅ ਕੀਤੀ ਜਾ ਰਹੀ। ਵੱਖ-ਵੱਖ ਸੂਬਿਆਂ ਵਿਚ
ਦਲਿਤਾਂ ਵਿਰੁਧ ਹਿੰਸਕ ਘਟਨਾਵਾਂ ਹੋਣ ਦੇ ਸਵਾਲ 'ਤੇ ਰਾਮਦਾਸ ਉਠਾਵਲੇ ਨੇ ਕਿਹਾ ਕਿ
ਜਿਵੇਂ ਆਤਮ ਰੱਖਿਆ ਲਈ ਸਿੱਖ ਕ੍ਰਿਪਾਨ (ਗਾਤਰਾ) ਪਾਉਂਦੇ ਹਨ, ਭਾਵੇਂ ਇਹ ਧਾਰਮਕ ਚਿੰਨ੍ਹ
ਬਣ ਗਿਆ ਹੈ, ਇਸੇ ਤਰ੍ਹਾਂ ਜ਼ਰੂਰਤ ਮੁਤਾਬਕ ਦਲਿਤਾਂ ਨੂੰ ਵੀ ਕੋਈ ਹਥਿਆਰ ਜ਼ਰੂਰ ਮਿਲਣਾ
ਬਣਦਾ ਹੈ। ਦਲਿਤਾਂ ਵਿਰੁਧ ਹੋ ਰਹੀ ਹਿੰਸਾ ਅਤੇ ਸੁਰੱਖਿਆ ਅਮਲੇ ਜਾਂ ਪੁਲਿਸ ਵਲੋਂ ਕੀਤੇ
ਜਾਣ ਵਾਲੇ ਬਚਾਅ ਵਿਚ ਹੋ ਰਹੀ ਦੇਰੀ ਅਤੇ ਨਾਕਾਮੀ ਦੀ ਸਖ਼ਤ ਨਿੰਦਿਆ ਕਰਦੇ ਹੋਏ ਉਠਾਵਲੇ
ਨੇ ਕਿਹਾ ਕਿ ਖ਼ਾਲੀ ਕਾਨੂੰਨ ਬਣਾਉਣ ਨਾਲ ਮਸਲਾ ਹੱਕ ਨਹੀਂ ਹੋ ਸਕਦਾ।
ਸਿਰਸਾ ਡੇਰੇ
ਵਿਚ ਚੱਲ ਰਹੀਆਂ ਬਦਫੈਲੀਆਂ ਕਰ ਕੇ ਡੇਰਾ ਮੁਖੀ ਦੇ ਜੇਲ ਵਿਚ ਜਾਣ ਦੇ ਬਾਵਜੂਦ ਵੀ ਸਿਆਸੀ
ਪਾਰਟੀਆਂ ਦੇ ਨੇਤਾਵਾਂ ਵਲੋਂ ਵੋਟਾਂ ਦੀ ਖ਼ਾਤਰ ਦਿਖਾਈ ਹਮਦਰਦੀ ਦੇ ਸਵਾਲ 'ਤੇ ਕੇਂਦਰੀ
ਸਮਾਜਕ ਨਿਆਂ ਮੰਤਰੀ ਨੇ ਕਿਹਾ ਕਿ ਮੇਰੇ ਬੀਜੇਪੀ ਦੇ ਕਈ ਲੀਡਰ ਵੀ ਡੇਰਾ ਮੁਖੀ ਦੇ ਸਮਾਜਕ
ਕੰਮਾਂ ਦੀ ਤਾਰੀਫ਼ ਕਰਦੇ ਸਨ। ਕੇਂਦਰੀ ਮੰਤਰੀ ਨੇ ਕਿਹਾ ਕਿ ਹੁਣ ਤਾਂ ਬਾਬੇ ਦੇ ਕਾਲੇ
ਕਾਰਨਾਮਿਆਂ ਦੀ ਪੋਲ ਖੁਲ੍ਹ ਗਈ ਹੈ ਅਤੇ ਕਾਨੂੰਨ ਅਨੁਸਾਰ ਹੀ ਅਗਲੀ ਤਫ਼ਤੀਸ਼ ਤੇ ਕਾਰਵਾਈ
ਜਾਰੀ ਰੱਖੀ ਜਾਵੇਗੀ। ਮੰਤਰੀ ਨੇ ਲੋਕਾਂ, ਸਿਆਸੀ ਲੀਡਰਾਂ ਅਤੇ ਸਮਾਜਕ ਜਥੇਬੰਦੀਆਂ ਨੂੰ
ਅਪੀਲ ਵੀ ਕੀਤੀ ਕਿ ਇਹੋ ਜਿਹੇ ਤਰਕਹੀਨ ਤੇ ਗੰਦੇ ਡੇਰਿਆਂ ਤੇ ਨਾ ਜਾਣ ਅਤੇ ਗ਼ਲਤ
ਭਾਵਨਾਵਾਂ ਤੇ ਬਹਿਕਾਵੇ ਵਿਚ ਆ ਕੇ ਸਾੜ ਫੂਕ ਦੀਆਂ ਕਾਰਵਾਈਆਂ ਤੋਂ ਗੁਰੇਜ਼ ਕਰਨ।