ਗਾਇਕ ਜੱਸੀ ਜਸਰਾਜ ਨੇ ਖੜਕਾਇਆ ਹਾਈਕੋਰਟ ਦਾ ਦਰਵਾਜ਼ਾ, ਜਾਣੋਂ ਪੂਰਾ ਮਾਮਲਾ

ਖ਼ਬਰਾਂ, ਪੰਜਾਬ

ਖਰੜ: ਪੰਜਾਬੀ ਫਿਲਮਾਂ ਦੇ ਅਦਾਕਾਰ ਤੇ ਗਾਇਕ ਜੱਸੀ ਜਸਰਾਜ ਵਲੋਂ 6 ਅਕਤੂਬਰ, 2017 ਨੂੰ ਖਰੜ ਦੇ ਇਕ ਕਾਂਗਰਸੀ ਕੌਂਸਲਰ ਤੇ ਬਿਲਡਰ ਖਿਲਾਫ ਥਾਣਾ ਸਦਰ ਵਿਖੇ ਧੋਖਾਦੇਹੀ ਦਾ ਮਾਮਲਾ ਦਰਜ ਕਰਵਾਇਆ ਗਿਆ ਸੀ ਪਰ ਉਸ ਤੋਂ ਬਾਅਦ ਪੁਲਿਸ ਵਲੋਂ ਭਾਵੇਂ ਕਾਂਗਰਸ ਦੇ ਕੌਂਸਲਰ ਨੂੰ ਥਾਣੇ ਬੁਲਾ ਕੇ ਪੁੱਛਗਿੱਛ ਕੀਤੀ ਗਈ ਪਰ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ। ਖਰੜ ਸਦਰ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਖਿਲਾਫ ਜੱਸੀ ਨੇ ਹੁਣ ਮਾਣਯੋਗ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਹੈ। 

ਇਸ ਸਬੰਧੀ ਗੱਲਬਾਤ ਕਰਦਿਆਂ ਜੱਸੀ ਨੇ ਆਖਿਆ ਕਿ ਉਕਤ ਕੌਂਸਲਰ ਨੇ ਪਿੰਡ ਦੇਸੂਮਾਜਰਾ ਦੀ ਸ਼ਾਮਲਾਟ ਜ਼ਮੀਨ ਦੀ ਨਾਜਾਇਜ਼ ਢੰਗ ਨਾਲ ਰਜਿਸਟਰੀ ਕਰਵਾ ਕੇ ਉਸ 'ਤੇ ਫਲੈਟ ਉਸਾਰੇ ਹੋਏ ਹਨ। ਉਕਤ ਕੌਂਸਲਰ ਨੇ ਇਕ ਮਰੇ ਹੋਏ ਵਿਅਕਤੀ ਨੂੰ ਜਿਊਂਦਾ ਦਿਖਾ ਕੇ ਖਰੜ ਤਹਿਸੀਲ ਵਿਚ ਰਜਿਸਟਰੀ ਕਰਵਾਈ ਸੀ ਤਾਂ ਉਨ੍ਹਾਂ ਇਸ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ।

ਉਸ ਤੋਂ ਬਾਅਦ ਭਾਵੇਂ ਪੁਲਿਸ ਨੇ ਪਰਚਾ ਦਰਜ ਕੀਤਾ ਪਰ ਅਜੇ ਤੱਕ ਕੌਂਸਲਰ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸੇ ਮਾਮਲੇ ਵਿਚ 19 ਨਵੰਬਰ ਨੂੰ ਉਕਤ ਕੌਂਸਲਰ ਨੇ ਆਪਣੇ ਬੰਦਿਆਂ ਤੋਂ ਉਸ 'ਤੇ ਜਾਨਲੇਵਾ ਹਮਲਾ ਵੀ ਕਰਵਾਇਆ ਪਰ ਫਿਰ ਵੀ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਤੇ ਪੁਲਿਸ ਦਾ ਕਹਿਣਾ ਹੈ ਕਿ ਉਹ ਫਰਾਰ ਹੈ। 

ਜੱਸੀ ਜਸਰਾਜ ਨੇ ਆਖਿਆ ਕਿ ਕੌਂਸਲਰ ਫਰਾਰ ਕਿਸ ਤਰ੍ਹਾਂ ਹੋ ਸਕਦਾ ਹੈ, ਉਸ ਨੇ 6 ਦਸੰਬਰ 2017 ਨੂੰ ਖੁਦ ਤਹਿਸੀਲ ਵਿਚ ਪੁੱਜ ਕੇ ਰਜਿਸਟਰੀ ਕਰਵਾਈ ਹੈ ਤੇ ਉਸ ਨੇ ਜਦੋਂ ਥਾਣਾ ਸਦਰ ਦੀ ਪੁਲਿਸ ਨੂੰ ਇਤਲਾਹ ਦਿੱਤੀ ਕਿ ਪੁਲਿਸ ਨੂੰ ਲੋੜੀਂਦਾ ਕੌਂਸਲਰ ਖਰੜ ਤਹਿਸੀਲ ਵਿਚ ਰਜਿਸਟਰੀ ਕਰਵਾ ਰਿਹਾ ਹੈ ਤਾਂ ਪੁਲਿਸ ਅਧਿਕਾਰੀਆਂ ਨੇ ਉਸ 'ਤੇ ਕੋਈ ਕਾਰਵਾਈ ਨਹੀਂ ਕੀਤੀ, ਜਿਸ ਕਾਰਨ ਉਹ ਰਜਿਸਟਰੀ ਕਰਾਉਣ ਤੋਂ ਬਾਅਦ ਉਥੋਂ ਚਲਾ ਗਿਆ। ਉਸ ਨੇ ਆਖਿਆ ਕਿ ਹੁਣ ਹਾਰ ਕੇ ਉਸ ਨੂੰ ਮਾਣਯੋਗ ਹਾਈਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ ਹੈ ਤਾਂ ਜੋ ਉਸ ਨੂੰ ਇਨਸਾਫ ਮਿਲ ਸਕੇ।