ਜਲੰਧਰ, 7 ਸਤੰਬਰ (ਸੁਦੇਸ਼): ਜਲੰਧਰ
ਦਿਹਾਤੀ ਦੇ ਥਾਣਾ ਨੂਰਮਹਿਲ ਦੀ ਪੁਲਿਸ ਨੇ ਪੇਸ਼ੇਵਰ ਗੱਡੀਆਂ ਲੁੱਟਣ ਖੋਹਣ ਵਾਲੇ ਇਕ ਗਰੋਹ
ਦਾ ਪਰਦਾ ਫ਼ਾਸ਼ ਕਰਦੇ ਹੋਏ ਗਰੋਹ ਦੇ ਇਕ ਮੈਂਬਰ ਨੂੰ ਗ੍ਰਿਫ਼ਤਾਰ ਕੀਤਾ ਹੈ । ਜਦਕਿ ਕਿ
ਗਰੋਹ ਦੇ ਬਾਕੀ 5 ਮੈਂਬਰ ਪੁਲਿਸ ਗ੍ਰਿਫ਼ਤ ਤੋਂ ਬਾਹਰ ਦਸੇ ਗਏ ਹਨ।
ਅਰਪਿਤ ਸ਼ੁਕਲਾ,
ਆਈ.ਪੀ.ਐਸ,ਆਈ.ਜ਼ੀ ਜ਼ੋਨ-2 ,ਜਲੰਧਰ ਅਤੇ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਸੀਨੀਅਰ
ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਮਾਜ ਦੇ ਮਾੜੇ ਅਨਸਰਾਂ
ਵਿਰੁਧ ਚਲਾਈ ਗਈ ਵਿਸ਼ੇਸ਼ ਮੁਹਿੰਮ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਜਲੰਧਰ ਦਿਹਾਤੀ
ਦੇ ਥਾਣਾ ਨੂਰਮਹਿਲ ਪੁਲਿਸ ਵਲੋਂ ਪੇਸ਼ੇਵਰ ਲੁੱਟਾਂ-ਖੋਹਾਂ ਕਰਨ ਵਾਲੇ ਬਦਮਾਸ਼ਾਂ ਵਲੋਂ
ਖੋਹੀ ਹੋਈ 1 ਇਨੋਵਾ ਗੱਡੀ, 1 ਪਿਸਟਲ 7.65 ਸਮੇਤ 4 ਕਾਰਤੂਸ ਜਿੰਦਾ ਬਰਾਮਦ ਕਰ ਕੇ
ਮੁਲਜ਼ਮਾਂ ਵਿਰੁਧ ਮਾਮਲਾ ਦਰਜ ਰਜਿਸਟਰ ਕਰ ਕੇ ਤਫ਼ਤੀਸ਼ ਅਮਲ ਵਿਚ ਲਿਆਦੀ ਗਈ।
ਆਈ.ਜੀ
ਜ਼ੋਨ- 2 ਅਰਪਿਤ ਸ਼ੁਕਲਾ ਨੇ ਦਸਿਆ ਕਿ ਨਿਰਮਲ ਸਿੰਘ ਅਪਣੀ ਇਨੋਵਾ ਕਾਰ 'ਤੇ ਸਵਾਰ ਹੋ ਕੇ
ਪਿੰਡ ਬਾਹਮਣੀਆ ਥਾਣਾ ਸ਼ਾਹਕੋਟ ਤੋਂ ਅਪਣੇ ਘਰ ਜਾ ਰਿਹਾ ਸੀ ਤਾਂ ਕਰੀਬ 8.10 ਵਜੇ ਜਦੋਂ
ਉਹ ਪਿੰਡ ਡੱਲਾ ਮੇਨ ਰੋਡ ਮੱਖੂ ਕਾਲੇ ਦੇ ਢਾਬੇ ਕੋਲ ਅਪਣੀ ਗੱਡੀ ਖੜੀ ਕਰ ਕੇ ਢਾਬੇ ਦੇ
ਮਾਲਕ ਨਾਲ ਗੱਡੀ ਦੀ ਡਰਾਈਵਰ ਸੀਟ 'ਤੇ ਬੈਠ ਕੇ ਗੱਲਬਾਤ ਕਰ ਰਿਹਾ ਸੀ ਤਾਂ ਉਸ ਪਾਸ ਇਕ
ਨੌਜਵਾਨ ਜਿਸ ਕੋਲ ਪਿਸਟਲ ਸੀ ਨੇ ਨਿਰਮਲ ਸਿੰਘ ਨੂੰ ਗਲੇ ਤੋਂ ਫੜ ਕੇ ਬਾਹਰ ਕੱਢ ਦਿਤਾ।
ਉਸ ਨੌਜਵਾਨ ਦੇ ਪਿੱਛੇ ਦੋ ਹੋਰ ਨੌਜਵਾਨ ਜਿਨ੍ਹਾਂ ਦੇ ਹੱਥਾਂ ਵਿਚ ਪਿਸਟਲ ਫੜੇ ਸਨ ਆ ਗਏ
ਤੇ ਉਸ ਨੇ ਅਪਣਾ ਮੋਬਾਈਲ ਫ਼ੋਨ ਪੈਂਟ ਦੀ ਜੇਬ ਵਿਚੋਂ ਕਢਿਆ ਤਾਂ ਉਕਤ ਨਾਮਲੂਮ ਵਿਅਕਤੀਆਂ
ਨੇ ਉਸ ਦਾ ਮੋਬਾਈਲ ਫ਼ੋਨ ਖੋਹ ਕੇ ਗੱਡੀ ਦੀ ਚਾਬੀ ਖੋਹ ਕੇ ਗੱਡੀ ਲੈ ਕੇ ਮੌਕੇ ਤੋਂ ਫ਼ਰਾਰ
ਹੋ ਗਏ ਜਿਸ 'ਤੇ ਮੁਕੱਦਮਾ ਨੰਬਰ 257 ਮਿਤੀ 6.9.17 ਜੁਰਮ 392 ਭ:ਦ ਥਾਣਾ ਸੁਲਤਾਨਪੁਰ
ਲੋਧੀ ਜ਼ਿਲ੍ਹਾ ਕਪੂਰਥਲਾ ਦਰਜ ਰਜਿਸਟਰ ਕੀਤਾ ਗਿਆ ਜਿਸ ਦੇ ਸਬੰਧ ਵਿਚ ਜ਼ੋਨ ਵਿਚ ਹਾਈ ਅਲਰਟ
ਕੀਤਾ ਗਿਆ ਸੀ ਜਿਸ ਦੇ ਸਬੰਧ ਵਿਚ ਬਿਕਰਮ ਸਿੰਘ ਮੁੱਖ ਅਫ਼ਸਰ ਥਾਣਾ ਨੂਰਮਹਿਲ ਜ਼ਿਲ੍ਹਾ
ਜਲੰਧਰ (ਦਿਹਾਤੀ) ਸਮੇਤ ਏ.ਐਸ.ਆਈ ਨਿਰਮਲ ਸਿੰਘ ਪੁਲਿਸ ਪਾਰਟੀ ਤਲਵਣ ਚੌਂਕ ਨੂਰਮਹਿਲ
ਮੌਜੂਦ ਸੀ ਤਾਂ ਪਿੰਡ ਬਾਠਾਂ ਵਾਲੀ ਜਾਂਦੀ ਸੜਕ 'ਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ
ਜਾ ਰਹੀ ਸੀ ਤਾਂ ਪਿੰਡ ਬਾਠਾਂ ਵਲੋਂ ਤਿੰਨ ਗੱਡੀਆਂ 1 ਇਨੋਵਾ, 1 ਆਲਟੋ, ਅਤੇ 1 ਸਵਫਿਟ
ਡਿਜ਼ਾਇਰ ਤੇਜ਼ ਰਫ਼ਤਾਰ ਵਿਚ ਆਉਂਦੀਆਂ ਦਿਖਾਈ ਦਿਤੀਆਂ ਜਿਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ
ਗਿਆ, ਪਰ ਇਨ੍ਹਾਂ ਵਿਚ ਸਵਾਰ ਵਿਅਕਤੀਆਂ ਨੇ ਮਾਰ ਦੇਣ ਦੀ ਨੀਯਤ ਨਾਲ ਅਪਣੇ-ਅਪਣੇ
ਹਥਿਆਰਾਂ ਨਾਲ ਫ਼ਾਇਰ ਕੀਤੇ ਜੋ ਪੁਲਿਸ ਪਾਰਟੀ ਨੇ ਅਪਣੇ ਬਚਾਅ ਲਈ ਫ਼ਾਇਰ ਕੀਤੇ ਤਾਂ ਇਨੋਵਾ
ਗੱਡੀ ਮੁੜਦੇ ਸਮੇਂ ਝੋਨੇ ਦੇ ਖੇਤਾਂ ਵਿਚ ਵੜ ਗਈ, ਤਾਂ ਇਨੋਵਾ ਗੱਡੀ ਵਿਚ ਸਵਾਰ ਨੌਜਵਾਨ
ਨੂੰ ਕਾਬੂ ਕੀਤਾ ਗਿਆ। ਜਦਕਿ ਬਾਕੀ ਦੇ 5 ਨਾਮਾਲੂਮ ਨੌਜਵਾਨ ਮੌਕਾ 'ਤੇ ਦੂਸਰੀਆਂ
ਗੱਡੀਆਂ ਵਿਚ ਸਵਾਰ ਹੋ ਕੇ ਭੱਜਣ ਵਿਚ ਕਾਮਯਾਬ ਹੋ ਗਏ ਮੌਕੇ 'ਤੇ ਕਾਬੂ ਕੀਤੇ ਨੌਜਵਾਨ
ਨੂੰ ਉਸ ਦਾ ਨਾਮ ਪਤਾ ਪੁਛਣ 'ਤੇ ਉਸ ਨੇ ਅਪਣਾ ਨਾਮ ਪਵਨ ਕੁਮਾਰ ਉਰਫ਼ ਮਟਰ (ਉਮਰ ਕਰੀਬ 23
ਸਾਲ) ਦਸਿਆ। ਪੁਛ-ਗਿਛ ਦੌਰਾਨ ਮੁਲਜ਼ਮ ਪਵਨ ਕੁਮਾਰ ਨੇ ਦਸਿਆ ਕਿ ਉਹ ਅਤੇ ਉਸ ਦੇ ਸਾਥੀ
ਮਨਦੀਪ ਸਿੰਘ ਉਰਫ਼ ਮੰਨਾ, ਅਰਜੁਨ ਸਹਿਗਲ ਅਤੇ ਜੁਗਰਾਜ ਸਿੰਘ ਇਹ ਸਾਰੇ ਜਣੇ ਰਲ ਕੇ
ਜਲੰਧਰ, ਕਪੂਰਥਲਾ, ਨਕੋਦਰ, ਲੁਧਿਆਣਾ ਦੇ ਏਰੀਆ ਵਿਚੋਂ ਰਾਹਗੀਰਾਂ ਕੋਲੋਂ ਮਹਿੰਗੀਆਂ
ਗੱਡੀਆਂ ਪਸਤੌਲ ਦੀ ਨੋਕ 'ਤੇ ਖੋਹਦੇ ਸਨ । ਉਨ੍ਹਾਂ ਨੇ ਸਮਰਾਲਾ ਚੌਕ ਲੁਧਿਆਣਾ ਤੋਂ
ਸਵਿਫਟ ਡਿਜ਼ਾਇਰ ਗੱਡੀ ਖੋਹੀ ਸੀਅਤੇ ਮੌਕੇ ਤੋਂ ਗੱਡੀ ਲੈ ਕੇ ਫ਼ਰਾਰ ਹੋ ਗਏ ਸੀ।
ਡੱਬੀ
ਬਹਾਦਰੀ ਵਿਖਾਉਣ ਵਾਲੇ ਪੁਲਿਸ ਮੁਲਾਜ਼ਮ ਸਨਮਾਨਤ
ਡਿਉੂਟੀ
ਦੌਰਾਨ ਬਹਾਦਰੀ ਵਿਖਾਉਂਦੇ ਹੋਏ ਗੱਡੀਆ ਖੋਹਣ ਵਾਲੇ ਪੇਸ਼ੇਵਰ ਮੁਲਜ਼ਮਾਂ 'ਤੇ ਸ਼ਿੰਕਜਾ
ਕੱਸਣ ਵਾਲੇ ਬਹਾਦਰ ਪੁਲਿਸ ਮੁਲਾਜ਼ਮਾਂ ਨੂੰ ਇੰਸਪੈਕਟਰ ਜਨਰਲ ਪੁਲਿਸ, ਜ਼ੋਨ- 2, ਜਲੰਧਰ
ਵਲੋਂ ਵਧੀਆ ਕਾਰਗੁਜ਼ਾਰੀ ਅਤੇ ਡਿਊਟੀ ਪ੍ਰਤੀ ਵਫ਼ਾਦਾਰੀ ਨਿਭਾਉਣ ਕਰ ਕੇ ਇਨਾਮ ਦਿਤੇ ਗਏ।
ਜਿਨ੍ਹਾਂ ਵਿਚ ਥਾਣਾ ਨੂਰਮਹਿਲ ਦੇ ਮੁਖੀ ਸਬ-ਇੰਸਪੈਕਟਰ ਬਿਕਰਮ ਸਿੰਘ ਨੰਬਰ 1299/ਰੋਪੜ
ਨੂੰ ਦਰਜਾ ਪਹਿਲਾ ਪ੍ਰਸ਼ੰਸ਼ਾ ਪੱਤਰ ਤੇ 10 ਹਜ਼ਾਰ ਰੁਪਏ ਨਕਦ ਇਨਾਮ, ਏ.ਐਸ.ਆਈ ਨਿਰਮਲ ਸਿੰਘ
ਨੰਬਰ 2145/ਜਲੰਧਰ ਨੂੰ ਏ.ਐਸ.ਆਈ ਰੈਂਕ ਤੋਂ ਐਸ.ਆਈ ਲੋਕਲ ਰੈਂਕ, ਮੁੱਖ ਸਿਪਾਹੀ
ਅਮਰਜੀਤ ਸਿੰਘ ਨੰਬਰ 798/ਜਲੰਧਰ ਦਿਹਾਤੀ ਨੂੰ ਮੁੱਖ ਸਿਪਾਹੀ ਰੈਂਕ ਤੋਂ ਲੋਕਲ ਰੈਂਕ
ਏ.ਐਸ.ਆਈ, ਸਿਪਾਹੀ ਗੁਰਪ੍ਰੀਤ ਸਿੰਘ ਨੰਬਰ 1127/ਜਲੰਧਰ (ਦਿਹਾਤੀ) ਨੂੰ ਸਿਪਾਹੀ ਤੋਂ
ਸੀ-2 ਦਿਤੀ । ਇਸ ਤੋਂ ਇਲਾਵਾ ਸਿਪਾਹੀ ਧਰਮਵੀਰ ਸਿੰਘ 1590/ਜਲੰਧਰ ਦਿਹਾਤੀ ਨੂੰ ਦਰਜਾ
ਪਹਿਲਾ ਪ੍ਰਸ਼ੰਸਾ ਪੱਤਰ ਅਤੇ 10 ਹਜ਼ਾਰ ਰੁਪਏ ਨਕਦ ਇਨਾਮ ਦੇ ਕੇ ਸਨਮਾਨਤ ਕੀਤਾ ਗਿਆ।