ਗ਼ੈਰ-ਕਾਨੂੰਨੀ ਖਣਨ ਵਿਰੁਧ ਸਖ਼ਤ ਹੋਏ ਮੁੱਖ ਮੰਤਰੀ

ਖ਼ਬਰਾਂ, ਪੰਜਾਬ

ਚੰਡੀਗੜ੍ਹ, 6 ਮਾਰਚ (ਸਪੋਕਸਮੈਨ ਸਮਾਚਾਰ ਸੇਵਾ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਰਤਾਰਪੁਰ ਨੂੰ ਚੌਪਰ 'ਤੇ ਜਾਂਦੇ ਸਮੇਂ ਸਤਲੁਜ ਦਰਿਆ ਦੇ ਇਲਾਕੇ ਵਿਚੋਂ ਗ਼ੈਰ-ਕਾਨੂੰਨੀ ਖਣਨ ਦੀਆਂ ਸਰਗਰਮੀਆਂ ਵੇਖਣ ਤੋਂ ਬਾਅਦ ਨਵਾਂ ਸ਼ਹਿਰ ਅਤੇ ਜਲੰਧਰ ਜ਼ਿਲ੍ਹਿਆਂ ਵਿਚ ਵੱਡੀ ਪੱਧਰ 'ਤੇ ਕਾਰਵਾਈ ਸ਼ੁਰੂ ਕਰ ਦਿਤੀ ਹੈ। ਇਕ ਸਰਕਾਰੀ ਬੁਲਾਰੇ ਅਨੁਸਾਰ ਇਸ ਖ਼ਿੱਤੇ ਵਿਚ ਗ਼ੈਰ-ਕਾਨੂੰਨੀ ਖਣਨ ਹੋਣ ਨੂੰ ਸਪੱਸ਼ਟ ਤੌਰ 'ਤੇ ਵੇਖੇ ਜਾਣ ਤੋਂ ਬਾਅਦ ਮੁੱਖ ਮੰਤਰੀ ਨੇ ਤੁਰਤ ਇਸ ਦੀ ਜਾਂਚ ਕਰਨ ਅਤੇ ਸਾਜ਼ੋ-ਸਮਾਨ ਨੂੰ ਕਬਜ਼ੇ ਵਿਚ ਲੈਣ ਦੇ ਨਿਰਦੇਸ਼ ਦੇ ਦਿਤੇ। ਮੁੱਖ ਮੰਤਰੀ ਦੇ ਨਿਰਦੇਸ਼ਾਂ 'ਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਨਵਾਂ ਸ਼ਹਿਰ ਜ਼ਿਲ੍ਹੇ ਦੇ ਪੁਲਿਸ ਪ੍ਰਸ਼ਾਸਨ ਨੇ ਮਲਿਕਪੁਰ ਪਿੰਡ ਵਿਚੋਂ 13 ਪੋਰਕਲੇਨ (ਮਿੱਟੀ ਚੱਕਣ ਵਾਲੀਆਂ ਮਸ਼ੀਨਾਂ), 4 ਜੇ.ਸੀ.ਬੀ. ਮਸ਼ੀਨਾਂ, 2 ਮਿੱਟੀ ਭਰਨ ਵਾਲੀਆਂ ਕਰੇਨਾਂ ਅਤੇ 30 ਟਿੱਪਰ (ਟਰੱਕ) ਕਬਜ਼ੇ ਵਿਚ ਲਏ ਹਨ।ਮੁੱਖ ਮੰਤਰੀ ਨੇ ਜੰਗ-ਏ-ਆਜ਼ਾਦੀ ਯਾਦਗਾਰ ਦੇ ਦੂਜੇ ਪੜਾਅ ਨੂੰ ਦੇਸ਼ ਨੂੰ ਸਮਰਪਿਤ ਕਰਨ ਲਈ ਹੈਲੀਕਾਪਟਰ ਰਾਹੀਂ ਕਰਤਾਰਪੁਰ ਜਾਂਦੇ ਹੋਏ ਨਵਾਂ ਸ਼ਹਿਰ ਦੇ ਰਾਹੋਂ ਅਤੇ ਜਲੰਧਰ ਦੇ ਫਿਲੌਰ ਇਲਾਕਿਆਂ ਵਿਚ ਵੱਡੀ ਪੱਧਰ 'ਤੇ ਗ਼ੈਰ-ਕਾਨੂੰਨੀ ਖਣਨ ਦੀਆਂ ਸਰਗਰਮੀਆਂ ਦੇਖੀਆਂ।