ਗਣਤੰਤਰ ਦਿਵਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੰਦੇਸ਼

ਖ਼ਬਰਾਂ, ਪੰਜਾਬ

ਜਦੋਂ ਭਾਰਤ 69ਵੇਂ ਗਣਤੰਤਰ ਦਿਵਸ ਦੇ ਇਤਿਹਾਸਕ ਮੌਕੇ 'ਤੇ ਜਸ਼ਨ ਮਨਾ ਰਿਹਾ ਹੈ, ਮੈਂ ਉਨ੍ਹਾਂ ਪਲਾਂ 'ਤੇ ਝਾਤ ਮਾਰਦਾ ਹਾਂ ਜਦੋਂ ਅਸੀਂ 1950 ਵਿਚ ਸਾਡੇ ਸੰਵਿਧਾਨ ਨੂੰ ਅਪਣਾਇਆ ਸੀ ਅਤੇ ਪੰਜਾਬ ਵਿਚ ਸਾਡੇ ਸਾਰੀਆਂ ਲਈ ਨਵੇਂ ਖਾਹਿਸ਼ਾਂ ਭਰੇ ਸਫ਼ਰ ਦੀ ਸ਼ੁਰੂਆਤ ਹੋਈ ਸੀ।ਪੰਜਾਬ ਹਮੇਸ਼ਾ ਹੀ ਰਾਸ਼ਟਰ ਦੇ ਤਾਣੇ-ਬਾਣੇ 'ਚ ਚਟਾਨ ਵਾਂਗ ਖੜਾ ਰਿਹਾ ਹੈ। ਇਸ ਨੇ ਭਾਰਤ ਦੀ ਖੜਗਭੁਜਾ ਅਤੇ ਅਨਾਜ ਭੰਡਾਰ ਵਜੋਂ ਮੋਹਰੀ ਭੂਮਿਕਾ ਨਿਭਾਈ ਹੈ। ਬਾਹਰੀ ਹਮਲਿਆਂ ਤੋਂ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਦੇ ਨਾਲ-ਨਾਲ ਅੰਦਰੂਨੀ ਹਮਲਿਆਂ ਵਿਰੁਧ ਵੀ ਵੱਡਾ ਯੋਗਦਾਨ ਦਿਤਾ ਹੈ ਅਤੇ ਅਨਾਜ ਉਤਪਾਦਨ ਵਿਚ ਭਾਰਤ ਨੂੰ ਆਤਮ ਨਿਰਭਰ ਬਣਾਇਆ ਹੈ। ਦੇਸ਼ ਦੀ ਸਿਰਫ਼ ਦੋ ਫ਼ੀ ਸਦੀ ਆਬਾਦੀ ਹੋਣ ਦੇ ਬਾਵਜੂਦ ਪੰਜਾਬੀਆਂ ਨੇ ਭਾਰਤ ਦੇ ਆਜ਼ਾਦੀ ਸੰਘਰਸ਼ ਦੌਰਾਨ ਸ਼ਹੀਦੀਆਂ ਜਾਂ ਜਲਾਵਤਨੀਆਂ ਦੇ ਸਬੰਧ 'ਚ 80 ਫ਼ੀ ਸਦੀ ਯੋਗਦਾਨ ਦਿਤਾ।