ਗੁਜਰਾਤ ਚੋਣਾਂ ਨੇ ਮੋਦੀ ਦੀ ਭਰੋਸੇਯੋਗਤਾ 'ਤੇ ਸਵਾਲ ਚੁਕਿਆ : ਰਾਹੁਲ

ਖ਼ਬਰਾਂ, ਪੰਜਾਬ

ਨਵੀਂ ਦਿੱਲੀ, 19 ਦਸੰਬਰ : ਕਾਂਗਰਸ ਦੇ ਨਵੇਂ ਪ੍ਰਧਾਨ ਰਾਹੁਲ ਗਾਂਧੀ ਨੇ ਗੁਜਰਾਤ ਚੋਣਾਂ ਦੇ ਨਤੀਜਿਆਂ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਸਿੱਧਾ ਹਮਲਾ ਕਰਦਿਆਂ ਅੱਜ ਕਿਹਾ ਕਿ ਇਨ੍ਹਾਂ ਨਤੀਜਿਆਂ ਕਾਰਨ ਉਨ੍ਹਾਂ ਦੀ ਵਿਸ਼ਵਾਸਯੋਗਤਾ 'ਤੇ ਸਵਾਲ ਉਠ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਗੱਲ ਨੂੰ ਦੇਸ਼ ਨਹੀਂ ਸੁਣ ਰਿਹਾ। ਰਾਹੁਲ ਨੇ ਸੰਸਦ ਭਵਨ ਦੇ ਵਿਹੜੇ ਵਿਚ ਪੱਤਰਕਾਰਾਂ ਨੂੰ ਕਿਹਾ, 'ਤਿੰਨ ਚਾਰ ਮਹੀਨੇ ਪਹਿਲਾਂ ਜਦ ਅਸੀਂ ਗੁਜਰਾਤ ਗਏ ਸੀ ਤਾਂ ਕਿਹਾ ਗਿਆ ਸੀ ਕਿ ਕਾਂਗਰਸ ਭਾਜਪਾ ਨਾਲ ਨਹੀਂ ਲੜ ਸਕਦੀ। ਤਿੰਨ ਚਾਰ ਮਹੀਨੇ ਵਿਚ ਅਸੀਂ ਠੋਸ ਕੰਮ ਕੀਤਾ। ਸਿਰਫ਼ ਮੈਂ ਹੀ ਨਹੀਂ, ਕਾਂਗਰਸ ਦੀ ਟੀਮ ਅਤੇ ਗੁਜਰਾਤ ਦੇ ਲੋਕਾਂ ਨੇ ਵੀ ਨਤੀਜੇ ਵੇਖੇ ਹਨ। ਭਾਜਪਾ ਨੂੰ ਗੁਜਰਾਤ ਵਿਚ ਜ਼ਬਰਦਸਤ ਝਟਕਾ ਲੱਗਾ ਹੈ।' ਉਨ੍ਹਾਂ ਕਿਹਾ, 'ਸਾਡੇ ਲਈ ਚੰਗਾ ਨਤੀਜਾ ਹੈ। ਠੀਕ ਹੈ ਕਿ ਅਸੀਂ ਹਾਰ ਗਏ। ਜੇ ਥੋੜਾ ਹੋਰ ਠੀਕ ਕਰਦੇ ਤਾਂ ਜਿੱਤ ਜਾਂਦੇ।' ਉਨ੍ਹਾਂ ਕਿਹਾ, 'ਮੈਂ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਦਿਲੋਂ ਧਨਵਾਦ ਦਿੰਦਾ ਹਾਂ। ਚੋਣ ਜਿੱਤਣ ਵਾਲਿਆਂ ਨੂੰ ਵਧਾਈ ਦਿੰਦਾ ਹਾਂ।'