ਗੁਜਰਾਤੀ ਬੀਟੀ ਰੋਕਣ ਲਈ ਖੇਤੀਬਾੜੀ ਅਧਿਕਾਰੀ ਪੁਲਿਸ ਨਾਲ ਮਿਲ ਕੇ ਲਗਾਉਣਗੇ ਨਾਕੇ

ਖ਼ਬਰਾਂ, ਪੰਜਾਬ

ਬਠਿੰਡਾ, 8 ਫ਼ਰਵਰੀ (ਸੁਖਜਿੰਦਰ ਮਾਨ): ਸੂਬੇ 'ਚ ਨਰਮੇ ਦੀ ਫ਼ਸਲ ਨੂੰ ਕਾਮਯਾਬ ਕਰਨ ਲਈ ਨਕਲੀ ਬੀਟੀ ਕਾਟਨ ਰੋਕਣ ਲਈ ਖੇਤੀਬਾੜੀ ਵਿਭਾਗ ਨੇ ਹੁਣ ਤੋਂ ਹੀ ਕਮਰਕਸੇ ਕਸਣੇ ਸ਼ੁਰੂ ਕਰ ਦਿਤੇ ਹਨ। ਵੱਡੀ ਗੱਲ ਇਹ ਹੈ ਕਿ ਇਸ ਵਾਰ ਖੇਤੀਬਾੜੀ ਵਿਭਾਗ ਵਪਾਰੀਆਂ ਦੇ ਨਾਲ-ਨਾਲ ਗੁਜਰਾਤ ਬੀਟੀ ਕਾਟਨ ਲਿਉਂਦੇ ਫੜੇ ਜਾਣ ਵਾਲੇ ਕਿਸਾਨਾਂ ਵਿਰੁਧ ਵੀ ਸਖ਼ਤ ਕਾਰਵਾਈ ਕਰੇਗਾ। ਇਸ ਦੇ ਲਈ ਵਿਭਾਗ ਦੇ ਉਚ ਅਧਿਕਾਰੀਆਂ ਨੇ ਹੁਣ ਤੋਂ ਹੀ ਗੁਜਰਾਤ ਤੋਂ ਆਉਂਦੇ ਕੁਇੰਟਲਾਂ ਦੇ ਕੁਇੰਟਲ ਬੀਜ ਨੂੰ ਫੜਨ ਲਈ ਅੰਤਰਰਾਜੀ ਨਾਕੇ ਅਤੇ ਰੇਲਵੇ ਸਟੇਸ਼ਨਾਂ ਆਦਿ 'ਤੇ ਪੁਲਿਸ ਨਾਲ ਮਿਲ ਕੇ ਚੈਕਿੰਗ ਕਰਨ ਦਾ ਫ਼ੈਸਲਾ ਲਿਆ ਹੈ। ਪਿਛਲੇ ਦਿਨ ਕਪਾਹ ਪੱਟੀ ਦੇ ਸੱਤ ਜ਼ਿਲ੍ਹਿਆਂ ਦੇ ਮੁੱਖ ਖੇਤੀਬਾੜੀ ਅਫ਼ਸਰਾਂ ਨਾਲ ਇਸ ਫ਼ਸਲ ਨੂੰ ਕਾਮਯਾਬ ਕਰਨ ਲਈ ਵਿਭਾਗ ਦੇ ਡਾਇਰੈਕਟਰ ਨੇ ਸਥਾਨਕ ਦਫ਼ਤਰ 'ਚ ਮੀਟਿੰਗ ਕਰ ਕੇ ਅਗਲੀ ਰਣਨੀਤੀ ਤਿਆਰ ਕੀਤੀ। ਖੇਤੀਬਾੜੀ ਵਿਭਾਗ ਵਲੋਂ ਇਸ ਵਾਰ ਸੂਬੇ 'ਚ ਕਰੀਬ ਸਾਢੇ ਤਿੰਨ ਲੱਖ ਹੈਕਟੇਅਰ ਰਕਬੇ ਨੂੰ ਨਰਮੇ ਦੀ ਫ਼ਸਲ ਹੇਠ ਲਿਆਉਣ ਦਾ ਟੀਚਾ ਮਿਥਿਆ ਹੈ। ਵਿਭਾਗੀ ਅਧਿਕਾਰੀਆਂ ਮੁਤਾਬਕ ਆਉਣ ਵਾਲੇ ਸੀਜ਼ਨ 'ਚ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਹਾਈਬ੍ਰਿਡ ਕਿਸਮਾਂ ਦੀ ਕੋਈ ਕਮੀ ਨਹੀਂ ਰਹਿਣ ਦਿਤੀ ਜਾਵੇਗੀ। ਇਸ ਤੋਂ ਇਲਾਵਾ ਨਰਮਾ ਬੈਲਟ 'ਚ ਰਾਸ਼ੀ ਦੀ ਉਤਪਾਦਨ ਸਮਰਥਾ ਤੇ ਮੰਗ ਨੂੰ ਦੇਖਦੇ ਹੋਏ ਮਾਰਕਫ਼ੱੈਡ ਵਲੋਂ ਸੁਸਾਇਟੀਆਂ ਰਾਹੀ 2 ਲੱਖ ਬੀਟੀ ਕਾਟਨ ਬੀਜ ਦੇ ਪੈਕਟ ਦਿਤੇ ਜਾਣ ਸਬੰਧੀ ਵੀ ਫ਼ੈਸਲਾ ਲਿਆ ਗਿਆ ਹੈ।