ਚੰਡੀਗੜ੍ਹ/ਗੁਰਦਾਸਪੁਰ, 11 ਅਕਤੂਬਰ (ਜੀ.ਸੀ. ਭਾਰਦਵਾਜ/ਹੇਮੰਤ ਨੰਦਾ): ਗੁਰਦਾਸਪੁਰ ਲੋਕ ਸਭਾ ਸੀਟ 'ਤੇ ਜ਼ਿਮਨੀ ਚੋਣ ਦਾ ਕੰਮ ਅੱਜ ਸ਼ਾਮ ਸ਼ਾਂਤੀ ਨਾਲ ਪੂਰਾ ਹੋ ਗਿਆ। ਮੁੱਖ ਚੋਣ ਅਧਿਕਾਰੀ ਵੀ.ਕੇ. ਸਿੰਘ ਨੇ 'ਰੋਜ਼ਾਨਾ ਸਪੋਕਸਮੈਨ' ਨੂੰ ਦਸਿਆ ਕਿ 1781 ਪੋਲਿੰਗ ਬੂਥਾਂ ਵਿਚੋਂ ਕਿਸੇ ਇਕ 'ਤੇ ਵੀ ਹਿੰਸਾ ਜਾਂ ਝੜਪ ਨਹੀਂ ਹੋਈ, ਸਿਰਫ਼ ਇਕ-ਦੋ ਥਾਵਾਂ ਤੋਂ ਸ਼ਿਕਾਇਤ ਮਿਲੀ ਸੀ ਜੋ ਜਾਂਚ ਉਪਰੰਤ ਠੀਕ ਪਾਇਆ ਗਿਆ। ਮੁੱਖ ਚੋਣ ਦਫ਼ਤਰ ਵਿਚ ਪਹੁੰਚੀ ਜਾਣਕਾਰੀ ਮੁਤਾਬਕ ਸਿਰਫ਼ ਪਾਹੜਾ ਪਿੰਡ ਦੇ ਪੋਲਿੰਗ ਬੂਥ 'ਤੇ ਹੀ ਸ਼ਾਮ ਛੇ ਵਜੇ ਤੋਂ ਬਾਅਦ ਵੀ ਵੋਟਾਂ ਪਾਉਣ ਦਾ ਕੰਮ ਜਾਰੀ ਰਿਹਾ ਅਤੇ 1700 ਬੂਥਾਂ 'ਤੇ ਪੋਲਿੰਗ ਸਟੇਸ਼ਨ ਦੇ ਬਾਹਰ ਕੋਈ ਵੀ ਲਾਈਨ ਨਹੀਂ ਲੱਗੀ।