ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ : ਕਾਂਗਰਸ, ਅਕਾਲੀ-ਭਾਜਪਾ ਅਤੇ 'ਆਪ' ਦਾ ਪ੍ਰਚਾਰ ਸਿਖਰਾਂ 'ਤੇ

ਖ਼ਬਰਾਂ, ਪੰਜਾਬ

ਚੰਡੀਗੜ੍ਹ, 8 ਅਕਤੂਬਰ (ਜੀ.ਸੀ. ਭਾਰਦਵਾਜ): ਪੰਜ ਮਹੀਨੇ ਪਹਿਲਾਂ ਭਾਜਪਾ ਸਾਂਸਦ ਵਿਨੋਦ ਖੰਨਾ ਦੇ ਹੋਏ ਅਕਾਲੀ ਚਲਾਣੇ ਕਾਰਨ ਖ਼ਾਲੀ ਹੋਈ ਗੁਰਦਾਸਪੁਰ ਦੀ ਸੀਟ ਦੀ ਜ਼ਿਮਨੀ ਚੋਣ ਲਈ ਸ਼ਿਖਰਾਂ 'ਤੇ ਪਹੁੰਚਿਆ ਖੁਲ੍ਹਾ ਚੋਣ ਪ੍ਰਚਾਰ ਭਾਵੇਂ ਭਲਕੇ ਸ਼ਾਮ ਬੰਦ ਹੋ ਜਾਵੇਗਾ ਅਤੇ ਬਾਹਰੋਂ ਆਏ ਲੀਡਰ ਤੇ ਵਰਕਰ ਉਥੋਂ ਰੁਖਸਤ ਲੈ ਲੈਣਗੇ, ਪਰ 11 ਅਕਤੂਬਰ ਨੂੰ ਵੋਟਾਂ ਪਾਉਣ ਲਈ 14 ਲੱਖ ਤੋਂ ਵੱਧ ਵੋਟਰਾਂ ਦੇ ਘਰੋਂ-ਘਰੀਂ ਜਾਣ ਦਾ ਸਿਲਸਿਲਾ ਜਾਰੀ ਰਹੇਗਾ।

ਗੁਰਦਾਸਪੁਰ ਗਏ ਵੱਖ-ਵੱਖ ਧਿਰਾਂ ਦੇ ਲੀਰਡਾਂ ਨੇ 'ਰੋਜ਼ਾਨਾ ਸਪੋਕਸਮੈਨ' ਨੂੰ ਦਸਿਆ ਕਿ ਇਸ ਵੇਲੇ ਇਸ ਜ਼ਿਮਨੀ ਚੋਣ ਲਈ ਕਾਮਯਾਬੀ ਸਿਰਫ਼ ਉਮੀਦਵਾਰਾਂ ਦੀ ਸਾਖ ਦੀ ਨਹੀਂ ਹੈ, ਸਗੋਂ ਕੇਂਦਰ ਸਰਕਾਰ 'ਚ ਸੱਤਾਧਾਰੀ ਭਾਜਪਾ ਅਤੇ ਪੰਜਾਬ ਸਰਕਾਰ 'ਚ ਕਾਂਗਰਸ ਦੀ ਹੋਂਦ ਦਾਅ 'ਤੇ ਲੱਗੀ ਹੈ। ਕਾਂਗਰਸ ਪਾਰਟੀ ਦੇ ਕੌਮੀ ਪੱਧਰ ਦੇ ਲੀਡਰ ਭਾਵੇਂ ਪੰਜਾਬ ਪ੍ਰਧਾਨ ਸੁਨੀਲ ਜਾਖੜ ਲਈ ਇਥੇ ਪ੍ਰਚਾਰ ਲਈ ਨਹੀਂ ਆਏ ਅਤੇ ਜ਼ੋਰਦਾਰ ਪ੍ਰਚਾਰ ਕੇਵਲ ਸਥਾਨਕ ਮੰਤਰੀਆਂ ਤੇ ਵਿਧਾਇਕਾਂ ਰਾਹੀਂ ਹੀ ਕੀਤਾ ਗਿਆ, ਪਰ ਫਿਰ ਵੀ ਇਸ ਸੱਤਾਧਾਰੀ ਗੁਟ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਹਿਨੁਮਾਈ 'ਚ ਪਿੰਡ-ਪਿੰਡ ਤੇ ਕਸਬਿਆਂ 'ਚ ਜਾ ਕੇ ਪਿਛਲੇ 6 ਮਹੀਨਿਆਂ ਦੀ ਸਫ਼ਲ ਕਾਰਗੁਜ਼ਾਰੀ ਦੇ ਗੁਣਗਾਨ ਕੀਤੇ ਹਨ।

ਗੁਰਦਾਸਪੁਰ ਦੀ ਇਸ ਲੋਕ ਸਭਾ ਸੀਟ ਦੇ 9 ਹਲਕਿਆਂ 'ਚੋਂ 7 ਅਸੈਂਬਲੀ ਹਲਕਿਆਂ 'ਚ ਕਾਂਗਰਸ ਦੇ ਵਿਧਾਇਕ ਜਿੱਤੇ ਹੋਏ ਹਨ ਜਦਕਿ ਸਿਰਫ਼ 2 ਉੱਪਰ ਭਾਜਪਾ ਤੇ ਅਕਾਲੀ ਦਲ ਦੇ ਦਿਨੇਸ਼ ਬੱਬੂ ਅਤੇ ਲਖਬੀਰ ਸਿੰਘ ਲੋਧੀ ਨੰਗਲ ਕਾਮਯਾਬ ਰਹੇ ਸਨ। ਸੱਤਾਧਾਰੀ ਕਾਂਗਰਸ ਨੇ ਬੀਤੇ ਦੋ ਹਫ਼ਤੇ ਦੇ ਪ੍ਰਚਾਰ 'ਚ ਕੇਂਦਰ ਦੀ ਮੋਦੀ ਸਰਕਾਰ ਵਲੋਂ ਪਿਛਲੇ ਤਿੰਨ ਸਾਲ ਦੌਰਾਨ ਲਏ ਫ਼ੈਸਲਿਆਂ ਦੀ ਨਿਖੇਧੀ ਨੂੰ ਮੁੱਦਾ ਬਣਾਇਆ ਅਤੇ ਡਟ ਕੇ ਕਿਹਾ ਕਿ ਅਬੋਹਰ ਤੋਂ ਹਾਰੇ ਹੋਏ ਵਿਧਾਇਕ ਸੁਨੀਲ ਜਾਖੜ ਇਹ ਸੀਟ ਜਿੱਤ ਕੇ ਲੋਕ ਸਭਾ 'ਚ ਗੁਰਦਾਸਪੁਰ ਦੇ ਲੋਕਾਂ ਲਈ ਅਪਣੀ ਆਵਾਜ਼ ਬੁਲੰਦ ਕਰੇਗਾ।

ਦੂਜੇ ਪਾਸੇ ਪਿਛਲੀਆਂ 4 ਟਰਮਾਂ ਤੋਂ ਕਾਮਯਾਬ ਰਹੇ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਦੀ ਥਾਂ ਸਵਰਨ ਸਲਾਰੀਆ ਨੂੰ ਟਿਕਟ ਦੇਣ ਲਈ ਭਾਜਪਾ ਦੇ ਨੇਤਾ, ਜਿਨ੍ਹਾਂ 'ਚ ਕੇਂਦਰ ਤੋਂ ਆਏ ਰਾਮ ਲਾਲ, ਕੇਂਦਰੀ ਮੰਤਰੀ ਰਾਜਵਰਧਨ, ਵਿਜੈ ਸਾਂਪਲਾ ਤੇ ਹੋਰਨਾਂ ਨੇ ਅਪਣੇ ਹਜ਼ਾਰਾਂ ਬੂਥ ਲੈਵਲ ਵਰਕਰਾਂ ਨੂੰ ਪਾਰਟੀ ਦੇ ਨੇਕ ਸਿਪਾਹੀ ਗਰਦਾਨਦੇ ਹੋਏ ਅਰਬਪਤੀ ਸਲਾਰੀਆ ਨੂੰ ਸਫ਼ਲ ਬਣਾਉਣ ਦੀ ਗੱਲ ਆਖੀ ਹੈ। ਭਾਜਪਾ ਨਾਲ ਸਾਂਝ ਪੁਗਾਉਣ ਵਾਲਾ ਅਕਾਲੀ ਦਲ ਵੀ ਭਾਵੇਂ ਲੰਗਾਹ ਵਿਰੁਧ ਅਸ਼ਲੀਲ ਵੀਡੀਉ ਤੋਂ ਪ੍ਰੇਸ਼ਾਨ ਹੈ, ਨੇ ਵੀ ਅਪਣੇ ਪ੍ਰਧਾਨ ਸੁਖਬੀਰ ਬਾਦਲ ਰਾਹੀਂ ਪ੍ਰਚਾਰ 'ਚ ਬਾਖੂਬੀ ਭੂਮਿਕਾ ਨਿਭਾਈ ਹੈ।

ਤੀਜੀ ਧਿਰ 'ਆਪ' ਦੇ ਉਮੀਦਵਾਰ ਜਨਰਲ ਸੁਰੇਸ਼ ਖਜੂਰੀਆ ਸਾਫ਼-ਸੁਥਰੇ ਅਕਸ ਵਾਲੇ ਤੇ ਮਿਹਨਤੀ ਹਨ, ਪਰ ਇਕੱਲੇ ਸੁਖਪਾਲ ਸਿੰਘ ਖਹਿਰਾ ਨਾਲ ਜਾਂ ਇੰਚਾਰਜ ਭਗਵੰਤ ਮਾਨ ਅਤੇ ਹੋਰ ਲੀਡਰਾਂ ਦਾ ਪ੍ਰਚਾਰ ਇਸ ਸੀਟ 'ਤੇ ਬਹੁਤਾ ਪ੍ਰਭਾਵ ਨਹੀਂ ਦਿਖਾ ਪਾਇਆ। ਸ. ਖਹਿਰਾ ਦਾ ਕਹਿਣਾ ਹੈ ਕਿ ਸਾਰੀ ਪਾਰਟੀ ਦਾ ਨਿਸ਼ਾਨਾ ਸਾਲ 2019 ਲੋਕ ਸਭਾ ਚੋਣਾਂ ਹਨ। ਪੰਜਾਬ ਅੰਦਰ ਇਸ ਵੇਲੇ ਕੁਲ 13 ਸੀਟਾਂ 'ਚੋਂ 4 'ਆਪ' ਕੋਲ ਹਨ।

ਮੁੱਖ ਚੋਣ ਅਧਿਕਾਰੀ ਵੀ.ਕੇ. ਸਿੰਘ ਅਨੁਸਾਰ ਗੁਰਦਾਸਪੁਰ ਜ਼ਿਮਨੀ ਚੋਣ ਲਈ ਵੋਟਾਂ 11 ਅਕਤੂਬਰ ਨੂੰ ਪੈਣੀਆਂ ਹਨ ਅਤੇ ਦੋ ਦਿਨ ਯਾਨੀ 48 ਘੰਟੇ ਪਹਿਲਾਂ ਜਿੱਤ-ਹਾਰ ਜਾਂ ਰੁਝਾਨ ਦੇਣ 'ਤੇ ਪੂਰੀ ਪਾਬੰਦੀ ਲਗਾ ਦਿਤੀ ਹੈ। ਚੋਣ ਅਧਿਕਾਰੀ ਦਾ ਕਹਿਣਾ ਹੈ ਕਿ ਪਾਕਿਸਤਾਨ ਸਰਹੱਦ ਨੇੜੇ ਹੋਣ ਕਰ ਕੇ ਸੁਰੱਖਿਆ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਹੈ। ਵੋਟਾਂ ਦੀ ਗਿਣਤੀ 15 ਅਕਤੂਬਰ ਨੂੰ ਹੋਣੀ ਹੈ।

ਕਈ ਸਿਆਸੀ ਮਾਹਰ ਪੰਜਾਬ ਦੀ ਇਸ ਜ਼ਿਮਨੀ ਚੋਣ 'ਚ ਕਾਂਗਰਸ ਦੀ ਕਾਮਯਾਬੀ, ਜੋ ਸਿਰਫ਼ 18 ਮਹੀਨੇ ਲਈ ਹੈ, ਨੂੰ ਪਾਰਟੀ ਦੀ ਮੁੜ ਸੁਰਜੀਤੀ ਦਾ ਕਦਮ ਮੰਨਦੇ ਹਨ ਅਤੇ ਅਗਲੇ ਮਹੀਨੇ ਗੁਆਂਢੀ ਸੂਬੇ 'ਚ ਅਸੈਂਬਲੀ ਚੋਣਾਂ ਲਈ ਚੰਗਾ ਮੌਕਾ ਕਹਿੰਦੇ ਹਨ।