ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ਸਬੰਧੀ ਨੋਟੀਫ਼ੀਕੇਸ਼ਨ ਜਾਰੀ

ਖ਼ਬਰਾਂ, ਪੰਜਾਬ

ਚੰਡੀਗੜ੍ਹ, 15 ਸਤੰਬਰ (ਸ.ਸ.ਧ): ਗੁਰਦਾਸਪੁਰ  ਲੋਕ ਸਭਾ ਸੀਟ ਲਈ ਹੋਣ ਵਾਲੀ ਜ਼ਿਮਨੀ ਚੋਣ ਸਬੰਧੀ ਨੋਟੀਫ਼ੀਕੇਸ਼ਨ  ਅੱਜ ਜਾਰੀ ਹੋਣ ਨਾਲ ਹੀ ਨਾਮਜ਼ਦਗੀਆਂ ਦਾਖ਼ਲ ਕਰਨ ਦਾ ਅਮਲ ਵੀ ਸ਼ੁਰੂ ਹੋ ਗਿਆ। ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੇ ਪਹਿਲੇ ਦਿਨ ਕਿਸੇ ਵੀ ਉਮੀਦਵਾਰ ਵਲੋਂ ਕਾਗ਼ਜ਼ ਦਾਖ਼ਲ ਨਹੀਂ ਕੀਤੇ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਦਫ਼ਤਰ, ਮੁੱਖ ਚੋਣ ਅਫ਼ਸਰ ਪੰਜਾਬ ਦੇ ਬੁਲਾਰੇ ਨੇ ਦਸਿਆ ਕਿ ਅੱਜ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣਾਂ ਲਈ ਨਾਮਜ਼ਦਗੀਆ ਪੱਤਰ ਦਾਖ਼ਲ ਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ। ਨਾਮਜ਼ਦਗੀ ਸਬੰਧੀ ਪੱਤਰ ਸਵੇਰੇ 11:00 ਵਜੇ ਤੋਂ ਲੈ ਕੇ  ਬਾਦ ਦੁਪਹਿਰ 3 ਵਜੇ ਤਕ ਰੀਟਰਨਿੰਗ ਅਫ਼ਸਰ ਦਾਖ਼ਲ ਕੀਤੇ ਜਾ ਸਕਦੇ ਹਨ । ਉਨ੍ਹਾਂ ਕਿਹਾ ਕਿ ਨਾਮਜ਼ਦਗੀ ਦਾਖ਼ਲ ਕਰਨ ਦੀ ਅੰਤਮ ਤਰੀਕ 22 ਸਤੰਬਰ ਹੈ ਜਦਕਿ ਨਾਮਜ਼ਦਗੀ ਕਾਗ਼ਜ਼ਾਂ ਦੀ ਪੜਤਾਲ ਮਿਤੀ 25 ਸਤੰਬਰ ਨੂੰ ਹੋਵੇਗੀ। ਬੁਲਾਰੇ ਨੇ ਦਸਿਆ ਕਿ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਅੰਤਮ ਮਿਤੀ 27 ਸਤੰਬਰ ਹੈ ਅਤੇ ਮਿਤੀ 11 ਅਕਤੂਬਰ ਨੂੰ ਸਵੇਰੇ 8:00 ਵਜੇ ਤੋਂ ਸ਼ਾਮ 5:00 ਵਜੇ ਤਕ ਵੋਟਾਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 15 ਅਕਤੂਬਰ 2017 ਦਿਨ ਐਤਵਾਰ ਨੂੰ ਹੋਵੇਗੀ ।
ਬੁਲਾਰੇ ਨੇ ਕਿਹਾ ਕਿ ਲੋਕ ਸਭਾ ਲਈ ਨਾਮਜ਼ਦਗੀ ਪੱਤਰ ਫ਼ਾਰਮ ਨੰਬਰ  2ਏ ਵਿਚ  ਭਰਿਆ ਜਾਣਾ ਹੈ। ਇਹ ਫ਼ਾਰਮ ਜ਼ਿਲ੍ਹਾ ਚੋਣ ਅਫ਼ਸਰ/ਰੀਟਰਨਿੰਗ ਅਫ਼ਸਰ ਕੋਲ ਉਪਲਬੱਧ ਹਨ। ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਦਾਖ਼ਲ ਕਰਨ ਵਾਲੇ ਉਮੀਦਵਾਰ ਕੋਲ ਕਿਸੇ ਵੀ ਲੋਕ ਸਭਾ ਹਲਕੇ ਵਿਚ ਰਜਿਸਟਰਡ ਵੋਟਰ ਹੋਣ ਸਬੰਧੀ ਅਪਣੇ ਨਾਮ ਦੀ ਤਸਦੀਕਸ਼ੁਦਾ ਕਾਪੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਉਮੀਦਵਾਰ ਨੂੰ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਬਾਅਦ ਅਤੇ ਨਾਮਜ਼ਦਗੀ ਪੱਤਰ ਦੀ ਪੜਤਾਲ ਤੋਂ ਪਹਿਲਾਂ ਰੀਟਰਨਿੰਗ ਅਫ਼ਸਰ ਕੋਲ ਸਹੁੰ ਪੱਤਰ ਪੇਸ਼ ਕਰਨਾ ਹੋਵਗਾ ਤੇ ਸਹੁੰ ਚੁਕਣੀ ਹੋਵੇਗੀ।