ਗੁਰਦਾਸਪੁਰ ਜ਼ਿਮਨੀ ਚੋਣ : ਦੋ ਬੀਬੀਆਂ 'ਚ ਜੰਗ ਦੇ ਆਸਾਰ

ਖ਼ਬਰਾਂ, ਪੰਜਾਬ



ਚੰਡੀਗੜ੍ਹ, 4 ਸਤੰਬਰ (ਜੀ.ਸੀ. ਭਾਰਦਵਾਜ) : ਅਪ੍ਰੈਲ ਦੀ 27 ਤਰੀਕ ਨੂੰ ਭਾਜਪਾ ਸੰਸਦ ਮੈਂਬਰ ਵਿਨੋਦ ਖੰਨਾ ਦੇ ਅਕਾਲ ਚਲਾਣੇ ਨਾਲ ਖ਼ਾਲੀ ਹੋਈ ਗੁਰਦਾਸਪੁਰ ਦੀ ਲੋਕਸਭਾ ਸੀਟ ਦੀ ਜ਼ਿਮਨੀ ਚੋਣ 15 ਅਕਤੂਬਰ ਦੇ ਆਸਪਾਸ ਹੋਣ ਦੀ ਸੰਭਾਵਨਾ ਵੱਧ ਗਈ ਹੈ।
ਕੇਂਦਰੀ ਚੋਣ ਕਮਿਸ਼ਨ ਦੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਵੋਟਿੰਗ ਦੀ ਪੱਕੀ ਤਰੀਕ ਬਾਰੇ ਅਤੇ ਨਾਮਜ਼ਦਗੀਆਂ ਭਰਨ ਸਬੰਧੀ ਬਕਾਇਦਾ ਐਲਾਨ 18 ਸਤੰਬਰ ਤਕ ਕੀਤਾ ਜਾਵੇਗਾ ਅਤੇ ਗੁਰਦਾਸਪੁਰ ਜ਼ਿਲ੍ਹੇ 'ਚ ਚੋਣ ਜ਼ਾਬਤਾ ਲਾਗੂ ਹੋਵੇਗਾ। ਸੂਤਰਾਂ ਨੇ ਇਹ ਵੀ ਦਸਿਆ ਕਿ ਕਈ ਹੋਰ ਰਾਜਾਂ ਦੀਆਂ ਲੋਕ ਸਭਾ ਸੀਟਾਂ 'ਤੇ ਵੀ ਜ਼ਿਮਨੀ ਚੋਣਾਂ ਹੋਣ ਵਾਲੀਆਂ ਹਨ। ਉਹ ਵੀ ਦੀਵਾਲੀ ਦੇ ਤਿਉਹਾਰ 19 ਅਕਤੂਬਰ ਤੋਂ ਪਹਿਲਾਂ-ਪਹਿਲਾਂ ਕਰਵਾ ਲਈਆਂ ਜਾਣਗੀਆਂ।
ਦੂਜੇ ਪਾਸੇ ਕਾਂਗਰਸ ਹਾਈਕਮਾਨ ਦੇ ਸੂਰਤਾਂ ਦਾ ਕਹਿਣਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਜਿਨ੍ਹਾਂ ਨੇ 2009 'ਚ ਵਿਨੋਦ ਖੰਨਾ ਨੂੰ ਹਰਾਇਆ ਸੀ, ਹੁਣ ਰਾਜ ਸਭਾ ਮੈਂਬਰ ਹਨ, ਨੇ ਅਪਣੀ ਧਰਮਪਤਨੀ ਬੀਬੀ ਚਰਨਜੀਤ ਕੌਰ ਬਾਜਵਾ ਨੂੰ ਨਾਲ ਲੈ ਕੇ ਦੋ ਵਾਰ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਨਾਲ ਮੁਲਾਕਾਤ ਕਰ ਲਈ ਹੈ ਅਤੇ ਬੀਬੀ ਬਾਜਵਾ ਦੀ ਉਮੀਦਵਾਰੀ ਲਗਭਗ ਪੱਕੀ ਕਰਵਾ ਲਈ ਹੈ।
'ਰੋਜ਼ਾਨਾ ਸਪੋਕਸਮੈਨ' ਨਾਲ ਅੱਜ ਵਿਧਾਨ ਸਭਾ ਕੰਪਲੈਕਸ ਦੇ ਕਾਂਗਰਸ ਪਾਰਟੀ ਦੇ ਦਫ਼ਤਰ 'ਚ ਗੱਲਬਾਤ ਕਰਦੇ ਹੋਏ ਬੀਬੀ ਬਾਜਵਾ ਨੇ ਦਸਿਆ ਕਿ ਇਸ ਉਮੀਦਵਾਰੀ ਲਈ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ


ਪਾਰਟੀ ਪ੍ਰਧਾਨ ਸੁਨੀਲ ਜਾਖੜ ਤੋਂ ਵੀ ਹਰੀ ਝੰਡੀ ਲੈ ਚੁਕੇ ਹਨ। ਬੀਬੀ ਬਾਜਵਾ ਨੇ ਕਿਹਾ ਕਿ ਸਾਬਕਾ ਵਿਦੇਸ਼ ਰਾਜ ਮੰਤਰੀ ਤੇ ਪਟਿਆਲਾ ਤੋਂ ਐਮ.ਪੀ. ਰਹੀ ਪ੍ਰਨੀਤ ਕੌਰ ਨੇ ਵੀ ਹਾਂ ਕਰ ਦਿਤੀ ਹੈ। ਪ੍ਰਨੀਤ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਗੁਰਦਾਸਪੁਰ ਸੀਟ 'ਚ ਕੋਈ ਦਿਲਚਸਪੀ ਨਹੀਂ ਹੈ।
ਇਸ ਵੇਲੇ ਗੁਰਦਾਸਪੁਰ ਲੋਕਸਭਾ ਸੀਟ ਦੇ 9 ਵਿਧਾਨ ਸਭਾ ਹਲਕਿਆਂ 'ਚੋਂ 7 'ਤੇ ਕਾਂਗਰਸ ਦੇ ਵਿਧਾਇਕ ਹਨ, ਜਿਨ੍ਹਾਂ 'ਚ ਦੀਨਾਨਗਰ ਤੋਂ ਅਰੁਣਾ ਚੌਧਰੀ ਮੰਤਰੀ ਹਨ। ਫ਼ਤਿਹਗੜ੍ਹ ਚੂੜੀਆਂ ਤੋਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਦਿਹਾਤੀ ਵਿਕਾਸ ਮੰਤਰੀ ਅਤੇ ਡੇਰਾ ਬਾਬਾ ਨਾਨਕ ਤੋਂ ਸੀਨੀਅਰ ਵਿਧਾਇਕ ਸੁਖਜਿੰਦਰ ਰੰਧਾਵਾ ਸ਼ਾਮਲ ਹਨ। ਬਾਕੀ ਚਾਰ ਕਾਂਗਰਸੀ ਸਾਂਸਦ ਗੁਰਦਾਸਪੁਰ ਤੋਂ ਬਰਿੰਦਰਜੀਤ ਪਾਹੜਾ, ਪਠਾਨਕੋਟ ਤੋਂ ਅਮਿਤ ਵਿਜ, ਭੋਆ ਵਿਧਾਨ ਸਭਾ ਤੋਂ ਜੋਗਿੰਦਰ ਪਾਲ ਅਤੇ ਕਾਦੀਆਂ ਤੋਂ ਫ਼ਤਿਹ ਜੰਗ ਬਾਜਵਾ (ਚਰਨਜੀਤ ਕੌਰ ਦਾ ਦਿਉਰ ਅਤੇ ਪ੍ਰਤਾਪ ਬਾਜਵਾ ਦਾ ਛੋਟਾ ਭਰਾ) ਇਹ ਪਹਿਲੀ ਵਾਰ ਚੁਣੇ ਗਏ ਹਨ।
ਭਾਜਪਾ ਤੇ ਅਕਾਲੀ ਦਲ ਕੋਲ ਸਿਰਫ਼ ਦੋ ਸੀਟਾਂ 'ਤੇ ਵਿਧਾਇਕ ਹਨ ਯਾਨੀ ਸੁਜਾਨਪੁਰ ਤੋਂ ਦਿਨੇਸ਼ ਬੱਬੂ ਅਤੇ ਬਟਾਲਾ ਤੋਂ ਲਖਬੀਰ ਲੋਧੀਨੰਗਲ। ਗੁਰਦਾਸਪੁਰ ਤੇ ਪਠਾਨਕੋਨ ਇਲਾਕੇ 'ਚ ਕਾਂਗਰਸ ਦਾ ਹੋਰ ਕੋਈ ਮਜ਼ਬੂਤ ਉਮੀਦਵਾਰ ਵੀ ਨਹੀਂ ਹੈ। ਬਾਹਰੋਂ ਕੋਈ ਹੋਰ ਦਾਅਵੇਦਾਰ ਵੀ ਨਹੀਂ ਹੈ, ਜਦੋਂ ਕਿ ਫ਼ਿਲਮੀ ਤੇ ਕ੍ਰਿਕਟ ਸਿਤਾਰਿਆਂ ਕਪਿਲ ਸ਼ਰਮਾ ਤੇ ਯੁਵਰਾਜ, ਭੱਜੀ ਵਗੈਰਾ ਨੇ ਇਨਕਾਰ ਕਰ ਦਿਤਾ ਹੈ।
ਸੱਭ ਤੋਂ ਵੱਡੀ ਵਿਰੋਧਤਾ ਕਾਂਗਰਸੀ ਉਮੀਦਵਾਰ ਚਰਨਜੀਤ ਬਾਜਵਾ ਨੂੰ ਸਾਬਕਾ ਕਾਂਗਰਸ ਪ੍ਰਧਾਨ ਪ੍ਰਤਾਪਤ ਸਿੰਘ ਬਾਜਵਾ ਦੇ ਵਿਰੁਧ ਝੰਡਾ ਚੁੱਕਣ ਵਾਲੇ ਦੋ ਮਹਾਂਰਥੀਆਂ ਸੁਖਜਿੰਦਰ ਰੰਧਾਵਾ ਅਤੇ ਤ੍ਰਿਪਤ ਬਾਜਵਾ ਤੋਂ ਹੋਵੇਗੀ। ਇਨ੍ਹਾਂ ਸੀਨੀਅਰ ਕਾਂਗਰਸੀਆਂ ਨੇ ਹੀ ਕੈਪਟਨ ਅਮਰਿੰਦਰ ਦੇ ਹੱਕ 'ਚ ਲਾਮਬੰਦੀ ਕੀਤੀ ਸੀ।
     ਦੂਜੇ ਪਾਸੇ, ਪਿਛਲੀਆਂ ਤਿੰਨ ਚੋਣਾਂ ਤੋਂ ਇਸ ਸੀਟ 'ਤੇ ਕਬਜ਼ਾ ਕਰੀ ਬੈਠੀ ਭਾਜਪਾ ਨੇ ਅਪਣੇ 27 ਸੀਨੀਅਰ ਲੀਡਰਾਂ ਨੂੰ ਇਕ ਮਹੀਨੇ ਤੋਂ ਇਸ ਪਾਸੇ ਝੋਕ ਰੱਖਿਆ ਅਤੇ। ਉਨ੍ਹਾਂ ਦੇ ਵਰਕਰ ਅਤੇ ਹੋਰ ਨੇਤਾ ਪਿੰਡ-ਪਿੰਡ ਅਤੇ ਕਸਬਿਆਂ 'ਚ ਪ੍ਰਚਾਰ ਕਰਨ ਲੱਗੇ ਹੋਏ ਹਨ। ਭਾਜਪਾ ਦੀ ਉਮੀਦਵਾਰੀ 'ਚ ਫ਼ਿਲਮੀ ਅਦਾਕਾਰਾ ਕਵਿਤਾ ਖੰਨਾ ਅਤੇ ਕੈਪਟਨ ਸਲਾਰੀਆ ਦੌੜ 'ਚ ਸੱਭ ਤੋਂ ਮੋਹਰੀ ਹਨ।
    ਆਮ ਆਦਮੀ ਪਾਰਟੀ ਨੇ ਚੋਣ 'ਚ ਹਿੱਸਾ ਲੈਣ ਦਾ ਐਲਾਨ ਤਾਂ ਕਰ ਦਿਤਾ ਹੈ, ਪਰ ਅਜੇ ਤਕ ਕਿਸੇ ਉਮੀਦਵਾਰ ਬਾਰੇ ਇਸ਼ਾਰਾ ਨਹੀਂ ਕੀਤਾ ਹੈ।