ਗੁਰਦਾਸਪੁਰ ਜ਼ਿਮਨੀ ਚੋਣ : ਜਾਖੜ ਦੀ ਉਮੀਦਵਾਰੀ ਸਦਕਾ ਪੂਰੀ ਹਾਕਮ ਧਿਰ ਸਰਗਰਮ

ਖ਼ਬਰਾਂ, ਪੰਜਾਬ

ਚੰਡੀਗੜ੍ਹ, 28 ਸਤੰਬਰ (ਨੀਲ ਭਲਿੰਦਰ ਸਿੰਘ): ਗੁਰਦਾਸਪੁਰ ਲੋਕ ਸਭਾ ਉਪ ਚੋਣ ਨੂੰ ਲੈ ਕੇ ਚੋਣ ਮੈਦਾਨ ਲਗਾਤਾਰ ਭਖਦਾ ਜਾ ਰਿਹਾ ਹੈ। ਮੁਢਲੇ ਦੌਰ ਤੋਂ ਹੀ ਬਾਕੀਆਂ ਨਾਲੋਂ ਰਤਾ ਵੱਧ ਸਰਗਰਮ ਚਲ ਰਹੇ ਕਾਂਗਰਸੀ ਉਮੀਦਵਾਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦੇ ਚੋਣ ਪ੍ਰਚਾਰ ਤਹਿਤ ਲਗਭਗ ਪੂਰੀ ਸੱਤਾਧਾਰੀ ਧਿਰ  ਹੀ  ਸਰਗਰਮ ਹੋ ਚੁੱਕੀ ਹੈ। ਭਾਵੇਂ ਕਿ ਤਿਉਹਾਰਾਂ ਅਤੇ ਵਾਢੀਆਂ ਦੇ ਦਿਨ ਚਲ ਰਹੇ ਹਨ ਪ੍ਰਦੇਸ਼ ਪਾਰਟੀ ਪ੍ਰਧਾਨ ਦੀ ਉਮੀਦਵਾਰੀ ਸਦਕਾ  ਬਹੁਤੇ ਮੰਤਰੀਆਂ, ਵਿਧਾਇਕਾਂ ਅਤੇ ਪਾਰਟੀ ਆਗੂਆਂ ਨੇ  ਗੁਰਦਾਸਪੁਰ  ਡੇਰੇ ਲਾ ਲਏ ਹਨ।
ਇਕ ਪਾਸੇ ਜਿਥੇ ਮੁੱਖ ਮੰਤਰੀ ਦਾ ਪਹਿਲੇ ਗੇੜ ਦੇ ਚੋਣ ਪ੍ਰਚਾਰ ਦਾ ਪ੍ਰੋਗਰਾਮ ਉਲੀਕਿਆ ਜਾ ਚੁੱਕਾ ਹੈ ਉਥੇ ਹੀ ਗੁਰਦਾਸਪੁਰ ਲੋਕ ਸਭਾ ਹਲਕੇ ਤਹਿਤ ਪੈਂਦੇ 9 ਵਿਧਾਨ ਸਭਾ ਹਲਕਿਆਂ ਦੀ ਕਮਾਨ ਇਕ-ਇਕ ਮੰਤਰੀ  ਨੂੰ ਸੌਂਪੀ ਗਈ ਹੈ।
ਹਲਕੇ ਨਾਲ ਹੀ ਸਬੰਧਤ ਦੋ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਅਰੁਣਾ ਚੌਧਰੀ ਤਾਂ ਸ਼ੁਰੂ ਤੋਂ ਹੀ ਡਟੇ ਹੋਏ ਹਨ। ਇਨ੍ਹਾਂ  ਤੋਂ  ਇਲਾਵਾ ਸੀਨੀਅਰ ਕੈਬਨਿਟ ਮੰਤਰੀਆਂ ਮਨਪ੍ਰੀਤ ਸਿੰਘ ਬਾਦਲ, ਰਾਣਾ ਗੁਰਜੀਤ ਸਿੰਘ, ਬ੍ਰਹਮਾ ਮਹਿੰਦਰਾ ਵੀ ਪਹੁੰਚ ਗਏ ਹਨ।
ਇੰਨਾ ਹੀ ਨਹੀਂ ਬਾਕੀ ਮੰਤਰੀਆਂ ਦੀ ਵੀ ਆਮਦ ਦਾ ਪ੍ਰੋਗਰਾਮ ਉਲੀਕਿਆ ਜਾ ਚੁੱਕਾ ਹੈ ਅਤੇ ਖ਼ੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 30 ਸਤੰਬਰ ਨੂੰ ਪਠਾਨਕੋਟ ਵਿਚ ਦੁਸਹਿਰਾ ਸਮਾਰੋਹ ਵਿਚ ਸ਼ਿਰਕਤ ਕਰਨਗੇ। ਇਸ ਤੋਂ ਇਲਾਵਾ ਸੀਨੀਅਰ ਕੈਬਨਿਟ ਮੰਤਰੀ ਅਤੇ ਪਾਰਟੀ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਪਹਿਲੀ ਤੋਂ 9 ਅਕਤੂਬਰ ਤਕ ਸਾਰੇ 9 ਹਲਕਿਆਂ ਵਿਚ ਰੋਡ ਸ਼ੋਅ  ਕਰਨਗੇ । ਪਾਰਟੀ ਨੇ ਹਰ ਵਿਧਾਨ ਸਭਾ ਹਲਕੇ ਵਿਚ ਸੱਤ-ਸੱਤ ਵਿਧਾਇਕਾਂ ਦੀ ਡਿਊਟੀ ਲਗਾਈ ਹੈ।  ਸੰਸਦ ਰਵਨੀਤ ਸਿੰਘ ਬਿੱਟੂ ਨੂੰ ਵੀ ਪਠਾਨਕੋਟ ਦੀ ਕਮਾਨ ਸੌਂਪੀ ਗਈ ਹੈ।