ਗੁਰਦਾਸਪੁਰ ਜ਼ਿਮਨੀ ਚੋਣ : ਰਾਜਪੂਤਾਂ 'ਚ ਫਸੀ ਜਾਟ ਜਾਖੜ ਦੀ ਗਰਦਨ

ਖ਼ਬਰਾਂ, ਪੰਜਾਬ

ਚੰਡੀਗੜ੍ਹ, 24 ਸਤੰਬਰ (ਜੀ.ਸੀ. ਭਾਰਦਵਾਜ) : ਪੰਜਾਬ ਦੇ ਸਿਆਸੀ ਅਖਾੜੇ ਦਾ ਕੇਂਦਰ ਬਿੰਦੂ ਬਣੀ ਗੁਰਦਾਸਪੁਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਦਾ ਪ੍ਰਚਾਰ ਭਾਵੇਂ ਭਾਜਪਾ ਦੇ 27 ਸਿਰਕੱਢ ਲੀਡਰਾਂ ਨੇ ਪਿਛਲੇ ਮਹੀਨੇ ਤੋਂ ਹੀ ਸ਼ੁਰੂ ਕਰ ਦਿਤਾ ਸੀ, ਪਰ ਕਾਂਗਰਸ ਦੇ ਤਜਰਬੇਕਾਰ ਤੇ ਸੁਲਝੇ ਹੋਏ ਚੋਟੀ ਦੇ ਉਮੀਦਵਾਰ ਸੁਨੀਲ ਜਾਖੜ ਦੇ ਚੋਣ ਮੈਦਾਨ 'ਚ ਆਉਣ ਨਾਲ ਬਾਕੀ ਦੋਹਾਂ ਧਿਰਾਂ ਨੂੰ ਪਿੱਸੂ ਪੈ ਗਏ ਹਨ।
ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਉਂਜ ਤਾਂ ਲਗਾਤਾਰ ਦੋ ਚੋਣਾਂ 'ਚ ਹਾਰ ਚੁੱਕੇ ਸੀਨੀਅਰ ਕਾਂਗਰਸੀ ਨੇਤਾ ਸੁਨੀਲ ਜਾਖੜ ਨੇ ਜਾਣਬੁੱਝ ਕੇ ਅਪਣੀ ਗਰਦਨ ਗੁਰਦਾਸਪੁਰ ਦੇ ਦੋ ਰਾਜਪੂਤਾਂ ਸਵਰਨ ਸਲਾਰੀਆ ਅਤੇ ਸੁਰੇਸ਼ ਖਜੂਰੀਆ ਵਿਚ ਫਸਾਈ ਹੈ ਪਰ ਸੁਨੀਲ ਜਾਖੜ ਨੇ ਜਿਹੜਾ ਪੈਂਤੜਾ ਬਾਜਵਾ ਗੁੱਟ ਨੂੰ ਮਨਾ ਕੇ ਅਤੇ ਕਵਿਤਾ ਖੰਨਾ ਦੇ ਘਰ ਜਾ ਕੇ ਮਾਰਿਆ ਹੈ, ਉਸ ਨਾਲ ਹਮਦਰਦੀ ਵੋਟ ਅਤੇ ਰੁੱਸੀ ਵੋਟ ਨੂੰ ਅਪਣੇ ਹੱਕ 'ਚ ਕਰਨ ਲਈ ਇਹ ਜਾਟ ਨੇਤਾ ਪਹਿਲੇ ਦਿਨ ਹੀ ਕਾਮਯਾਬ ਹੋ ਗਿਆ ਹੈ।
ਜ਼ਿਕਰਯੋਗ ਹੈ ਕਿ ਸੁਨੀਲ ਜਾਖੜ 2014 ਦੀ ਲੋਕ ਸਭਾ ਚੋਣ ਫ਼ਿਰੋਜ਼ਪੁਰ ਸੀਟ ਤੋਂ ਹਾਰ ਗਏ ਸਨ ਅਤੇ 2017 ਯਾਨੀ ਪਿਛਲੀ ਅਸੈਂਬਲੀ ਚੋਣ ਅਪਣੇ ਹੀ ਗੜ੍ਹ ਅਬੋਹਰ ਤੋਂ ਵੀ ਭਾਜਪਾ ਉਮੀਦਵਾਰ ਨਾਰੰਗ ਤੋਂ ਹਾਰ ਚੁੱਕੇ ਹਨ। ਸੁਨੀਲ ਜਾਖੜ ਦੇ ਸਿਰ 'ਤੇ ਹੱਥ ਰੱਖਣ ਵਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਾਅਦ 'ਚ ਉਨ੍ਹਾਂ ਨੂੰ ਸੋਨੀਆ ਗਾਂਧੀ ਕੋਲੋਂ ਕਾਂਗਰਸ ਪ੍ਰਧਾਨ ਦੀ ਕੁਰਸੀ ਦੁਆ ਦਿਤੀ ਸੀ।
'ਰੋਜ਼ਾਨਾ ਸਪੋਕਸਮੈਨ' ਨਾਲ ਗੱਲਬਾਤ ਕਰਦੇ ਹੋਏ ਹੰਢੇ ਹੋਏ ਅਤੇ ਕਾਂਗਰਸ ਦੀ ਨਬਜ਼ ਪਛਾਣਨ ਵਾਲੇ ਮਰਹੂਮ ਬਲਰਾਮ ਜਾਖੜ ਦੇ ਇਸ ਬੇਟੇ ਨੇ ਦਸਿਆ ਕਿ ਗੁਰਦਾਸਪੁਰ ਸੀਟ ਦੇ 9 ਅਸੈਂਬਲੀ ਹਲਕਿਆਂ 'ਚ ਯੋਜਨਾਬੱਧ ਤਰੀਕੇ ਨਾਲ ਪਿੰਡਾਂ ਤੇ ਸ਼ਹਿਰਾਂ 'ਚ ਪ੍ਰਚਾਰ ਸ਼ੁਰੂ ਕਰ ਦਿਤਾ ਹੈ। ਬੀਤੇ ਕਲ ਪਠਾਨਕੋਟ 'ਚ ਅਤੇ ਅੱਜ ਗੁਰਦਾਸਪੁਰ 'ਚ ਚੋਣ ਦਫ਼ਤਰ ਸਥਾਪਤ ਕਰ ਦਿਤੇ ਹਨ। ਪ੍ਰਚਾਰ ਦੇ ਮੁੱਖ ਮੁੱਦਿਆਂ 'ਚ ਕੇਂਦਰ ਦੀ ਭਾਜਪਾ ਸਰਕਾਰ ਵਿਰੁਧ ਨੋਟਬੰਦੀ, ਜੀ.ਐਸ.ਟੀ. ਲਾਗੂ ਕਰਨ ਨਾਲ ਲੋਕਾਂ ਤੇ ਵਪਾਰੀ ਵਰਗ ਨੂੰ ਆ ਰਹੀਆਂ ਔਕੜਾਂ ਦਾ ਵੇਰਵਾ ਸ਼ਾਮਲ ਹੋਵੇਗਾ। ਇਸ ਸਰਹੱਦੀ ਇਲਾਕੇ 'ਚ ਬੇਰੁਜ਼ਗਾਰੀ ਤੇ ਸਹੂਲਤਾਂ ਦੀ ਘਾਟ 'ਤੇ ਵੀ ਧਿਆਨ ਦੇ ਕੇ ਆਵਾਜ਼ ਕੇਂਦਰੀ ਪਾਰਲੀਮੈਂਟ 'ਚ ਉਠਾਈ ਜਾਵੇਗੀ।
ਜਾਖੜ ਦਾ ਮੁਕਾਬਲਾ ਰਾਜਪੂਤ ਸਵਰਨ ਸਲਾਰੀਆ ਨਾਲ ਹੈ, ਜਿਸ ਦਾ ਕਾਰੋਬਾਰ ਮੁੰਬਈ 'ਚ ਅਰਬਾਂ ਦਾ ਹੈ ਅਤੇ ਉਸ ਨੇ 70 ਹਜ਼ਾਰ ਕਰਮਚਾਰੀ ਵੱਖ-ਵੱਖ ਬਿਜ਼ਨਸ 'ਤੇ ਲਾਏ ਹਨ ਅਤੇ ਉਤੋਂ ਕੇਂਦਰ 'ਚ ਸੱਤਾ 'ਤੇ ਕਾਬਜ਼ ਭਾਜਪਾ ਦੀ ਟਿਕਟ ਲੈ ਕੇ ਪਹਿਲਾਂ ਹੀ 44 ਲੋਕ ਸਭਾ ਸੀਟਾਂ 'ਤੇ ਸਿਮਟ ਚੁਕੀ ਕਾਂਗਰਸੀ ਨਾਲੋਂ ਬਹੁਤ ਅੱਗੇ ਹੈ।
ਤੀਜੇ ਸਿਰਕੱਢ ਉਮੀਦਵਾਰ 'ਆਪ' ਦੇ ਫ਼ੌਜ 'ਚੋਂ ਮੇਜਰ ਜਨਰਲ ਸੇਵਾਮੁਕਤ ਹੋਏ ਸੁਰੇਸ਼ ਖਜੂਰੀਆ ਹਨ, ਜਿਨ੍ਹਾਂ ਕੋਲ ਸਾਫ਼ ਅਕਸ ਤੇ ਈਮਾਨਦਾਰੀ ਦਾ ਗ਼ੈਰ-ਸਿਆਸੀ ਕਾਰਡ ਹੈ ਅਤੇ ਰਾਜਪੂਤ ਵੋਟ ਅਤੇ ਐਕਸ ਸਰਵਿਸਮੈਨ ਦੀ ਬੇਸ਼ੁਮਾਰ ਵੋਟ ਹੈ।
ਇਕ ਚੌਥਾ ਫ਼ੈਕਟਰ 'ਆਪ' 'ਚੋਂ ਕੱਢੇ ਗਏ ਲੀਡਰ ਸੁੱਚਾ ਸਿੰਘ ਛੋਟੇਪੁਰ ਦਾ ਵੀ ਹੈ, ਜਿਸ ਵਲੋਂ ਅਜੇ ਤਾਂ ਚੁੱਪੀ ਸਾਧੀ ਹੋਈ ਹੈ, ਪਰ ਕੰਨਸੋਅ ਇਹ ਪੈ ਰਹੀ ਹੈ ਕਿ ਉਸ ਦੇ ਹਮਦਰਦ ਅਤੇ ਨੇੜਲੇ ਵੋਟਰ ਭਾਜਪਾ ਦਾ ਸਾਥ ਦੇਣਗੇ।
ਪਿਛਲੇ 10 ਸਾਲ ਪੰਜਾਬ ਸਰਕਾਰ ਦੀ ਕਮਾਨ ਸੰਭਾਲੀ ਬੈਠੀ ਅਕਾਲੀ ਪਾਰਟੀ ਦੇ ਧਾਕੜ ਨੇਤਾ ਸੁਖਬੀਰ ਬਾਦਲ ਨੇ ਭਾਜਪਾ ਦੇ ਉਮੀਦਵਾਰ ਦੇ ਹੱਕ 'ਚ 26 ਸਤੰਬਰ ਤੋਂ ਹੀ ਮੋਰਚਾ ਸੰਭਾਲਣ ਦਾ ਐਲਾਨ ਕਰ ਦਿਤਾ ਹੈ। ਭਾਵੇਂ ਇਸ ਵੇਲੇ 9 ਹਲਕਿਆਂ 'ਚ ਸਿਰਫ਼ ਇਕ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਹੀ ਅਕਾਲੀ ਹੈ ਅਤੇ ਇਕ ਦਿਨੇਸ਼ ਬੱਬੂ ਭਾਜਪਾ ਦਾ ਹੈ। ਪਰ ਥੋੜੇ-ਥੋੜੇ ਫਰਕ ਨਾਲ ਹਾਰ ਚੁਕੇ ਸੇਵਾ ਸਿੰਘ ਸੇਖਵਾਂ, ਨਿਰਮਲ ਸਿੰਘ ਕਾਹਲੋਂ, ਸੁੱਚਾ ਸਿੰਘ ਲੰਗਾਹ, ਗੁਰਬਚਨ ਸਿੰਘ ਬੱਬੇਹਾਲੀ ਅਤੇ ਹੋਰਨਾਂ ਨੇ ਪਹਿਲਾਂ ਹੀ ਕੈਪਟਨ ਅਮਰਿੰਦਰ ਵਿਰੁਧ ਹਨੇਰੀ ਉਠਾ ਰੱਖੀ ਹੈ। ਉਤੋਂ ਸ਼੍ਰੋਮਣੀ ਕਮੇਟੀ ਤੇ ਸਿੱਖ ਵੋਟ ਦਾ ਪੱਖਾ ਹੀ ਝੁਲਾ ਰਖਿਆ ਹੈ।
ਕੁਲ 9 ਵਿਧਾਇਕਾਂ 'ਚੋਂ ਇਸ ਵੇਲੇ 7 ਕਾਂਗਰਸ ਦੇ ਹਨ ਅਤੇ ਜੇ 2017 ਦੀ ਅਸੈਂਬਲੀ ਚੋਣ ਨੂੰ ਪਰਖੀਏ ਤਾਂ ਕੁਲ 15 ਲੱਖ ਦੀਆਂ ਵੋਟਾਂ ਵਾਲੀ ਇਸ ਲੋਕ ਸਭਾ ਸੀਟ 'ਤੇ ਪਲੜਾ ਭਾਰੀ ਤਾਂ ਕਾਂਗਰਸ ਦੇ ਹੱਕ 'ਚ ਹੈ ਪਰ ਸਿਰਫ 18 ਮਹੀਨੇ ਲਈ, ਕੀ ਵੋਟਰ ਕਿਸੇ ਨੁਮਾਇੰਦੇ ਨੂੰ ਕਾਮਯਬ ਕਰਨਗੇ? ਇਹ ਵੱਡਾ ਸਵਾਲ ਹੈ।
ਕਾਂਗਰਸ, 'ਆਪ' ਤੇ ਭਾਜਪਾ ਦੇ ਟੀਚੇ ਅਨੁਸਾਰ 2019 ਲੋਕ ਸਭਾ ਚੋਣਾਂ ਸਾਹਮਣੇ ਨਜ਼ਰ ਆਉਂਦੀਆਂ ਹਨ, ਜਿਸ 'ਚ ਫਿਰ ਇਕ ਪਾਸੇ ਨਰਿੰਦਰ ਮੋਦੀ ਅਤੇ ਦੂਜੇ ਪਾਸੇ ਰਾਹੁਲ ਗਾਂਧੀ। ਵੋਟਰ ਕੀ ਸੋਚਣਗੇ, ਕਿਧਰ ਜਾਣਗੇ, 11 ਅਕਤੂਬਰ ਤਕ ਕੀ ਮਨ ਬਣਾਉਣਗੇ, ਸਮਾਂ ਹੀ ਦੱਸੇਗਾ।