ਗੁਰਦਾਸਪੁਰ ਜ਼ਿਮਨੀ ਚੋਣ: ਵੋਟਾਂ ਦੀ ਗਿਣਤੀ ਅੱਜ

ਖ਼ਬਰਾਂ, ਪੰਜਾਬ

ਚੰਡੀਗੜ੍ਹ, 14 ਅਕਤੂਬਰ (ਜੀ.ਸੀ. ਭਾਰਦਵਾਜ) : ਤਿੰਨ ਦਿਨ ਪਹਿਲਾਂ ਗੁਰਦਾਸਪੁਰ ਲੋਕ ਸਭਾ ਸੀਟ ਲਈ ਪਈਆਂ 56 ਫ਼ੀ ਸਦੀ ਵੋਟਾਂ ਦੀ ਗਿਣਤੀ ਐਤਵਾਰ ਨੂੰ ਗੁਰਦਾਸਪੁਰ ਅਤੇ ਪਠਾਨਕੋਟ ਦੀਆਂ ਦੋ ਥਾਵਾਂ 'ਤੇ ਸਵੇਰੇ 8 ਵਜੇ ਤੋਂ ਹੋਵੇਗੀ ਅਤੇ ਨਤੀਜਾ ਕਿਸੇ ਵੇਲੇ ਵੀ 11 ਵਜੇ ਤੋਂ ਮਗਰੋਂ ਆ ਸਕਦਾ ਹੈ। ਸਖ਼ਤ ਮੁਕਾਬਲਾ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਅਤੇ ਭਾਜਪਾ-ਅਕਾਲੀ ਦਲ ਦੇ ਸਾਂਝੇ ਉਮੀਦਵਾਰ ਸਵਰਨ ਸਲਾਰੀਆ ਵਿਚ ਹੈ। 'ਆਪ' ਦੇ ਨੇਤਾ ਸੇਵਾ ਮੁਕਤ ਜਰਨੈਲ ਸੁਰੇਸ਼ ਖਜੂਰੀਆ ਵੀ ਮੈਦਾਨ 'ਚ ਹਨ, ਪਰ 11 ਅਕਤੂਬਰ ਨੂੰ ਪਈਆਂ ਵੋਟਾਂ ਦੇ ਰੁਝਾਨ ਤੋਂ ਪਤਾ ਲੱਗਾ ਹੈ 

ਕਿ ਉਸ ਨੂੰ ਤੀਜਾ ਸਥਾਨ ਮਿਲਣ ਦੀ ਸੰਭਾਵਨਾ ਹੈ। ਚੋਣ ਕਮਿਸ਼ਨ ਤੋਂ ਮਿਲੀ ਜਾਣਕਾਰੀ  ਮੁਤਾਬਕ ਗੁਰਦਾਸਪੁਰ ਜ਼ਿਲ੍ਹੇ 'ਚ ਪੈਂਦੇ 6 ਹਲਕਿਆਂ ਦੀਆਂ ਵੋਟਿੰਗ ਮਸ਼ੀਨਾਂ ਸੁਖਜਿੰਦਰਾ ਕਾਲਜ 'ਚ ਹਨ, ਜਦੋਂ ਕਿ ਪਠਾਨਕੋਟ ਜ਼ਿਲ੍ਹੇ ਦੇ ਤਿੰਨ ਹਲਕਿਆਂ ਦੀਆਂ ਮਸ਼ੀਨਾਂ ਐਸ.ਡੀ. ਕਾਲਜ ਪਠਾਨਕੋਟ 'ਚ ਹਨ। ਮੁੱਖ ਚੋਣ ਅਧਿਕਾਰੀ ਵੀ.ਕੇ. ਸਿੰਘ ਨੇ ਦਸਿਆ ਕਿ ਸੁਰੱਖਿਆ ਦੇ ਪ੍ਰਬੰਧ ਪੁਖ਼ਤਾ ਹਨ ਅਤੇ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਨੂੰ ਗਿਣਤੀ ਕੇਂਦਰਾਂ 'ਚ ਮੋਬਾਈਲ ਫ਼ੋਨ ਲਿਜਾਣ ਦੀ ਇਜਾਜ਼ਤ ਨਹੀਂ ਹੈ, ਸਿਰਫ਼ ਆਬਜ਼ਰਵਰ ਹੀ ਲਿਜਾ ਸਕਦਾ ਹੈ। ਪਠਾਨਕੋਟ ਤੇ ਗੁਰਦਾਸਪੁਰ 'ਚ ਭਲਕੇ ਸ਼ਰਾਬਬੰਦੀ ਦਿਵਸ ਐਲਾਨਿਆ ਗਿਆ ਹੈ।