ਗੁਰਪ੍ਰੀਤ ਸਿੰਘ ਗੋਪੀ ਦੇ ਕਤਲ ਦੀ ਗੁੱਥੀ 48 ਘੰਟਿਆਂ 'ਚ ਸੁਲਝੀ, 3 ਕਾਬੂ

ਖ਼ਬਰਾਂ, ਪੰਜਾਬ

ਜਗਰਾਓਂ: ਪਿੰਡ ਦੇਹੜਕਾ ਦੇ ਨੌਜਵਾਨ ਗੁਰਪ੍ਰੀਤ ਸਿੰਘ ਗੋਪੀ ਦੇ ਅੰਨ੍ਹੇ ਕਤਲ ਦਾ ਮਾਮਲਾ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਨੂੰ ਮਿਲਣ ਦੇ 48 ਘੰਟੇ 'ਚ ਸੁਲਝਾ ਲੈਣ ਦਾ ਦਾਅਵਾ ਕੀਤਾ ਗਿਆ ਹੈ। ਇਸ ਕਤਲ ਸਬੰਧੀ ਪੁਲਿਸ ਨੇ 3 ਨੌਜਵਾਨ ਵੀ ਕਾਬੂ ਕੀਤੇ ਹਨ। ਜ਼ਿਲ੍ਹਾ ਪੁਲਿਸ ਮੁਖੀ ਸੁਰਜੀਤ ਸਿੰਘ ਆਈ. ਪੀ. ਐੱਸ. ਨੇ ਇਥੇ ਐੱਸ. ਪੀ. (ਐੱਚ) ਗੁਰਦੀਪ ਸਿੰਘ, ਐੱਸ. ਪੀ. (ਡੀ) ਰੁਪਿੰਦਰ ਭਾਰਦਵਾਜ, ਡੀ. ਐੱਸ. ਪੀ. ਸਿਟੀ ਕੰਵਰਪਾਲ ਸਿੰਘ ਬਾਜਵਾ ਤੇ ਡੀ. ਐੱਸ. ਪੀ. ਸਰਬਜੀਤ ਸਿੰਘ ਦੀ ਮੌਜੂਦਗੀ 'ਚ ਉਕਤ ਦਾਅਵਾ ਕਰਦਿਆਂ ਦੱਸਿਆ ਕਿ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਜਸਵੀਰ ਸਿੰਘ 30 ਦਸੰਬਰ ਨੂੰ ਘਰ ਤੋਂ ਪਟਿਆਲੇ ਗਿਆ ਸੀ ਪਰ ਮੁੜ ਕੇ ਘਰ ਨਹੀਂ ਆਇਆ। ਪਰਿਵਾਰ ਵੱਲੋਂ ਪੁਲਿਸ ਨੂੰ ਸ਼ਿਕਾਇਤ ਕਰਨ 'ਤੇ ਜਦੋਂ ਪੁਲਿਸ ਨੇ ਗੁਰਪ੍ਰੀਤ ਦੇ ਮੋਬਾਇਲ ਦੀ ਲੋਕੇਸ਼ਨ ਜਾਂਚੀ ਤਾਂ ਇਹ ਆਖਰੀ ਵਾਰ ਲੁਧਿਆਣਾ ਬੱਸ ਅੱਡੇ ਦੀ ਆਈ। 

ਇਸ 'ਤੇ 9 ਜਨਵਰੀ ਨੂੰ ਥਾਣਾ ਡਵੀਜ਼ਨ ਨੰਬਰ 5 ਲੁਧਿਆਣਾ 'ਚ ਕਤਲ ਦਾ ਮਾਮਲਾ ਦਰਜ ਕਰਵਾਇਆ ਗਿਆ। ਕਤਲ ਮਾਮਲੇ ਦੀ ਤਫਤੀਸ਼ ਦੌਰਾਨ ਨੌਜਵਾਨ ਦੀ ਲਾਸ਼ ਦੇ ਕੁਝ ਹਿੱਸੇ ਵੇਈਂ ਪਿੰਡ ਚਾਚੋਵਾਲੀ ਜ਼ਿਲ੍ਹਾ ਕਪੂਰਥਲਾ ਤੋਂ ਮਿਲੇ। ਕੱਪੜਿਆਂ ਤੋਂ ਵਾਰਸਾਂ ਨੇ ਸ਼ਨਾਖਤ ਕੀਤੀ ਕਿ ਇਹ ਗੁਰਪ੍ਰੀਤ ਦੇ ਹਨ। ਕਈ ਦਿਨ ਬੀਤ ਜਾਣ ਤੋਂ ਬਾਅਦ ਵੀ ਜਦੋਂ ਲੁਧਿਆਣਾ ਪੁਲਸ ਕੋਲੋਂ ਕਾਤਲ ਨਾ ਫੜੇ ਜਾ ਸਕੇ ਤਾਂ ਪਰਿਵਾਰ ਦੀ ਮੰਗ 'ਤੇ ਇਹ ਮਾਮਲਾ ਪੁਲਸ ਜ਼ਿਲਾ ਲੁਧਿਆਣਾ ਦਿਹਾਤੀ ਦੇ ਹਵਾਲੇ ਕਰ ਦਿੱਤਾ ਗਿਆ। ਐੱਸ. ਐੱਸ. ਪੀ. ਸੁਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਣ ਲਈ 6 ਟੀਮਾਂ ਬਣਾ ਕੇ ਵੱਖ-ਵੱਖ ਥਾਵਾਂ 'ਤੇ ਭੇਜੀਆਂ ਅਤੇ 24 ਘੰਟੇ ਅੰਦਰ ਪੁਲਸ ਨੇ 3 ਮੁਲਜ਼ਮ ਕਾਬੂ ਕਰ ਲਏ। 

ਇਨ੍ਹਾਂ 'ਚ ਲਵਦੀਸ਼ ਸਿੰਘ ਸੰਧੂ, ਹਰਵਿੰਦਰ ਕੁਮਾਰ ਉਰਫ ਫੀਤਾ ਉਰਫ ਸੀਤਾ ਵਾਸੀਆਨ ਮਹੇੜੂ ਅਤੇ ਜਤਿੰਦਰ ਗਿੱਲ ਵਾਸੀ ਗੋਹੀਰ ਨੇੜੇ ਨਕੋਦਰ (ਜਲੰਧਰ) ਸ਼ਾਮਲ ਹਨ। ਪੁਲਸ ਨੇ ਇਨ੍ਹਾਂ ਕੋਲੋਂ ਕਤਲ ਲਈ ਵਰਤੇ 2 ਟੋਕੇ, ਇਕ ਮੋਟਰਸਾਈਕਲ ਤੋਂ ਇਲਾਵਾ ਗੁਰਪ੍ਰੀਤ ਦੇ 2 ਮੋਬਾਇਲ ਫੋਨ, ਆਧਾਰ ਕਾਰਡ ਤੇ 2 ਏ. ਟੀ. ਐੱਮ. ਕਾਰਡ ਵੀ ਬਰਾਮਦ ਕੀਤੇ ਹਨ। 

ਪੁਲਸ ਅਨੁਸਾਰ ਕਤਲ ਦਾ ਕਾਰਨ ਗੁਰਪ੍ਰੀਤ ਗੋਪੀ ਵੱਲੋਂ ਲਵਦੀਸ਼ ਸਿੰਘ ਦੀ ਭੈਣ ਗੁਰਦੀਸ਼ ਕੌਰ ਸੰਧੂ ਨੂੰ ਅਸ਼ਲੀਲ ਫੋਟੋਆਂ ਸੋਸ਼ਲ ਮੀਡੀਆ 'ਤੇ ਪਾਉਣ ਦੀ ਗੱਲ ਆਖ ਕੇ ਡਰਾਉਣ ਤੇ ਬਲੈਕਮੇਲ ਕਰਨ ਕਰਕੇ ਹੋਇਆ। ਪੁਲਸ ਨੇ ਪ੍ਰੈੱਸ ਕਾਨਫਰੰਸ 'ਚ ਦਾਅਵਾ ਕੀਤਾ ਕਿ ਇਸੇ ਚੱਕਰ 'ਚ ਗੁਰਪ੍ਰੀਤ ਸਿੰਘ ਨੇ ਗੁਰਦੀਸ਼ ਕੌਰ ਨੂੰ ਲੁਧਿਆਣਾ ਸੱਦ ਕੇ 5 ਹਜ਼ਾਰ ਰੁਪਏ ਲਏ ਅਤੇ ਉਸ ਨਾਲ ਸਰੀਰਕ ਸਬੰਧ ਵੀ ਬਣਾਏ। ਕੁਝ ਸਮੇਂ ਬਾਅਦ ਉਸ ਨੇ ਮੁੜ ਗੁਰਦੀਸ਼ ਕੌਰ ਨੂੰ ਫੋਨ ਕਰਕੇ ਦੁਬਾਰਾ ਰੁਪਏ ਦੇਣ ਤੇ ਮਿਲਣ ਲਈ ਕਿਹਾ। ਇਸ 'ਤੇ ਗੁਰਦੀਸ਼ ਕੌਰ ਨੇ ਜਤਿੰਦਰ ਗਿੱਲ ਨੂੰ ਇਹ ਗੱਲ ਦੱਸ ਦਿੱਤੀ। 

ਇਕ ਵਾਰ ਜਤਿੰਦਰ ਗਿੱਲ ਨੇ ਲੁਧਿਆਣਾ ਬੱਸ ਅੱਡੇ ਪਹੁੰਚ ਕੇ ਗੁਰਪ੍ਰੀਤ ਗੋਪੀ ਨੂੰ ਭਵਿੱਖ 'ਚ ਅਜਿਹਾ ਕਰਨ ਤੋਂ ਵਰਜਿਆ ਵੀ ਪਰ ਉਸ ਦੇ ਪਿੱਛੇ ਨਾ ਹਟਣ ਅਤੇ ਇੰਸਟਾਗ੍ਰਾਮ 'ਤੇ ਫੇਕ ਆਈ. ਡੀ. ਬਣਾ ਕੇ ਲੜਕੀ ਦੀਆਂ ਤਸਵੀਰਾਂ ਪਾ ਦੇਣ ਤੋਂ ਬਾਅਦ ਉਨ੍ਹਾਂ ਬਹਾਨੇ ਨਾਲ ਗੁਰਪ੍ਰੀਤ ਨੂੰ ਲੁਧਿਆਣਾ ਬੱਸ ਅੱਡੇ ਸੱਦ ਲਿਆ। ਇਥੋਂ ਹੀ ਉਨ੍ਹਾਂ ਚਾਚੋਵਾਲੀ ਨੇੜੇ ਵੇਈਂ 'ਤੇ ਲਿਜਾ ਕੇ ਉਸ ਦਾ ਕਤਲ ਕਰ ਦਿੱਤਾ। ਇਸ ਸਮੇਂ ਐੱਸ. ਐੱਚ. ਓ. ਰਾਜੇਸ਼ ਕੁਮਾਰ, ਰੀਡਰ ਅਮਰਜੀਤ ਸਿੰਘ ਵੀ ਮੌਜੂਦ ਸਨ।