ਚੰਡੀਗੜ੍ਹ, 9 ਫਰਵਰੀ (ਨੀਲ ਭਲਿੰਦਰ ਸਿੰਘ) ਪੰਜਾਬ ਸਾਂਝੀਵਾਲਤਾ ਤੇ ਏਕਸ ਕੇ ਬਾਰਿਕ ਦਾ ਸੁਨੇਹਾ ਦੇਣ ਵਾਲੇ ਗੁਰੂਆਂ, ਪੀਰਾਂ ਪੈਗੰਬਰਾਂ ਦੀ ਧਰਤੀ ਤਾਂ ਹੈ ਹੀ, ਸਗੋਂ ਅਜੋਕੇ ਭਾਰਤ ਦੇ ਸਮਾਜਿਕ, ਵਿਦਿਅਕ ਤੇ ਆਰਥਿਕ ਪੱਖੋਂ ਮੋਹਰੀ ਸੂਬਿਆਂ ਚ ਵੀ ਸ਼ੁਮਾਰ ਹੈ। ਪਰ ਇਸ ਦੇ ਉਲਟ ਸੂਬੇ ਦੇ ਕਈ ਪਿੰਡ ਅਜਿਹੇ ਹਨ ਜੋ ਸ਼ਾਇਦ ਹਾਲੇ ਵੀ ਅਤਿਅੰਤ ਪਿਛਾਂਹਖਿਚੂ ਸਾਬਤ ਹੋ ਰਹੇ ਹਨ, ਜਿਸ ਦੀ ਮਿਸਾਲ ਕਈ ਪਿੰਡਾਂ 'ਚ ਹਾਲੇ ਵੀ ਪੱਛੜੀਆਂ ਜਾਤੀਆਂ ਖਾਸਕਰ ਦਲਿਤ ਵਰਗ ਦੇ ਲੋਕਾਂ ਨੂੰ ਆਪਣਿਆਂ ਦੀ ਮੌਤ ਮਗਰੋਂ ਵੀ ਪਿੰਡਾਂ ਚ ਆਮ ਸ਼ਮਸ਼ਾਨ ਘਾਟਾਂ ਚ ਅੰਤਮ ਸਸਕਾਰ ਦਾ ਹੱਕ ਹਾਸਲ ਨਹੀਂ ਹੈ। ਇਸ ਦਾ ਪ੍ਰਤੱਖ ਸਬੂਤ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਨਮੁਖ ਇਸ ਮੁੱਦੇ ਨੂੰ ਉਜਾਗਰ ਕਰਦੀ ਉਹ ਜਨਹਿਤ ਪਟੀਸ਼ਨ ਹੈ ਜਿਸ ਤਹਿਤ ਦਾਅਵਾ ਕੀਤਾ ਗਿਆ ਹੈ ਕਿ ਪਿੰਡ ਰੋਡੇ (ਮੋਗਾ ਦੇ ਨਜ਼ਦੀਕ) ਚ 10 ਸ਼ਮਸ਼ਾਨ ਘਾਟ ਹਨ ਜਿਨ੍ਹਾਂ 'ਚੋਂ 7 ਜਨਰਲ ਵਰਗ ਲਈ ਅਤੇ 3 ਰਿਜ਼ਰਵ ਸ਼੍ਰੇਣੀਆਂ ਲਈ ਹਨ. ਇਸੇ ਤਰਾਂ ਪਿੰਡ ਚੀਮਾ ਖੁੱਡੀ (ਤਹਿਸੀਲ ਬਟਾਲਾ) ਵਿਚ 6 ਸ਼ਮਸ਼ਾਨ ਘਾਟ ਹਨ, ਜਿਨ੍ਹਾਂ ਵਿਚ 2 ਅਨੁਸੂਚਿਤ ਜਾਤੀ ਦੇ ਵਰਗ ਲਈ ਵੱਖਰੇ ਕੀਤੇ ਹੋਏ ਸ਼ਾਮਲ ਹਨ ਅਤੇ ਪਿੰਡ ਰਾਜਾਇਣਾ (ਬਾਘਾ ਪੁਰਾਣ ਨੇੜੇ) ਦੇ 4 ਸ਼ਮਸ਼ਾਨ ਘਾਟ ਹਨ, ਜਿਹਨਾਂ ਵਿਚ ਅਨੁਸੂਚਿਤ ਜਾਤੀਆਂ ਦੇ ਲੋਕਾਂ ਲਈ ਇਕ ਵੱਖਰੀ ਸ਼ਮਸ਼ਾਨ ਭੂਮੀ ਸ਼ਾਮਲ ਹੈ। ਇਸ ਤੋਂ ਇਲਾਵਾ ਪੰਜਾਬ ਦੇ ਹੋਰ ਵੀ ਕਈ ਅਜਿਹੇ ਪਿੰਡ ਹਨ ਜਿਨ੍ਹਾਂ ਵਿਚ ਇੱਕ ਤੋਂ ਵੱਧ ਸ਼ਮਸ਼ਾਨ ਘਾਟ ਹਨ। ਹਾਲਾਂਕਿ ਇਸ ਦਾ ਕਾਰਨ ਪਿੰਡਾਂ ਦੀ ਅਬਾਦੀ ਵੱਧ ਹੋਣਾ ਵੀ ਹੈ ਪਰ ਇਹ ਗੱਲ ਵੀ ਪ੍ਰਤੱਖ ਹੈ ਕਿ ਸਿਆਸਤਦਾਨ ਕਈ ਪਿੰਡਾਂ ਚ ਜਾ ਕੇ ਜਾਤ ਆਧਾਰ ਉਤੇ ਸ਼ਮਸ਼ਾਨ ਘਾਟਾਂ ਦੇ ਨਾਂ ਉਤੇ ਉਚੇਚੀਆਂ ਗਰਾਂਟਾਂ ਤਕ ਐਲਾਨਦੇ ਰਹੇ ਹਨ।