ਗੁਟਕਾ ਸਾਹਿਬ ਬੇਅਦਬੀ ਮਾਮਲਾ: ਪਿੰਡ ਦੀਆਂ ਕੰਧਾਂ 'ਤੇ ਲਿਖ ਕੇ ਦੋਸ਼ੀ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ

ਖ਼ਬਰਾਂ, ਪੰਜਾਬ

ਨੂਰਪੁਰਬੇਦੀ: ਕਰੀਬ ਸਾਲ ਪਹਿਲਾਂ ਬਲਾਕ ਦੇ ਪਿੰਡ ਸਮੀਰੋਵਾਲ ਵਿਖੇ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲੇ ਵਿਅਕਤੀ ਨੂੰ ਐਤਵਾਰ ਰਾਤ ਕਿਸੇ ਅਣਪਛਾਤੇ ਵਿਅਕਤੀ ਨੇ ਪਿੰਡ ਦੀਆਂ ਕੰਧਾਂ 'ਤੇ ਸਿਆਹੀ ਨਾਲ ਲਿਖ ਕੇ ਅਤੇ ਵੱਖ-ਵੱਖ ਥਾਈਂ ਪੋਸਟਰਾਂ ਰਾਹੀਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੇ ਜਾਣ ਕਾਰਨ ਸਨਸਨੀ ਫੈਲ ਗਈ। ਇਸ ਸੰਵੇਦਨਸ਼ੀਲ ਮਾਮਲੇ ਕਾਰਨ ਜਿੱਥੇ ਸਮੁੱਚਾ ਪੁਲਿਸ ਪ੍ਰਸਾਸ਼ਨ ਪੱਬਾਂ ਭਾਰ ਹੋਇਆ ਪਿਆ ਹੈ, ਉਥੇ ਹੀ ਲੋਕਾਂ 'ਚ ਵੀ ਡਰ 'ਤੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। 

ਇਸ ਤੋਂ ਇਲਾਵਾ ਉਸ ਦੇ ਘਰ ਦੇ ਮੁੱਖ ਦਰਵਾਜ਼ੇ ਨੂੰ ਵੀ ਅੱਗ ਲਗਾ ਦਿੱਤੀ ਗਈ। ਮਗਰ ਦਰਵਾਜ਼ਾ ਟੀਨ ਦਾ ਹੋਣ ਕਾਰਨ ਕਿਸੇ ਤਰ੍ਹਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੋਣ ਤੋਂ ਬਚ ਗਿਆ। ਇਸ ਸਮੁੱਚੇ ਘਟਨਾਕ੍ਰਮ ਦੀ ਭਿਣਕ ਲੱਗਦੇ ਹੀ ਸੋਮਵਾਰ ਸਵੇਰੇ ਸਥਾਨਕ ਥਾਣਾ ਮੁਖੀ ਕੁਲਵੀਰ ਸਿੰਘ ਕੰਗ ਪੁਲਸ ਫੋਰਸ ਲੈ ਕੇ ਪਿੰਡ 'ਚ ਪਹੁੰਚੇ ਅਤੇ ਜਿਨ੍ਹਾਂ ਨੇ ਸਮੁੱਚੇ ਮਾਮਲੇ ਦੀ ਰਿਪੋਰਟ ਹਾਸਿਲ ਕੀਤੀ। ਥਾਣਾ ਮੁਖੀ ਕੰਗ ਨੇ ਦੱਸਿਆ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕੀਤੀ ਜਾ ਰਹੀ ਹੈ ਤੇ ਪਿੰਡ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਵੀ ਖੰਗਾਲਿਆ ਜਾ ਰਿਹਾ ਹੈ।

ਇਸ ਸਬੰਧੀ ਸੰਪਰਕ ਕਰਨ 'ਤੇ ਡੀ. ਐੱਸ. ਪੀ. ਆਨੰਦਪੁਰ ਸਾਹਿਬ ਰਮਿੰਦਰ ਸਿੰਘ ਕਾਹਲੋਂ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਵੀ ਉਕਤ ਪਿੰਡ 'ਚ ਕੰਧਾਂ 'ਤੇ ਲਿਖ ਕੇ ਕਥਿਤ ਦੋਸ਼ੀ ਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ ਅਤੇ ਉਦੋਂ ਵੀ ਸਥਾਨਕ ਪੁਲਿਸ ਨੇ ਅਣਪਛਾਤੇ ਵਿਅਕਤੀ ਵਿਰੁੱਧ ਮਾਮਲਾ ਦਰਜ਼ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਫਿਰ ਵੀ ਉਕਤ ਸਮੁੱਚੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਸੱਚ ਦਾ ਪਤਾ ਲਗਾਇਆ ਜਾਵੇਗਾ।