ਹਾਈ ਕੋਰਟ ਵਲੋਂ ਦਿੱਲੀ ਸਰਕਾਰ ਨੂੰ ਨੋਟਿਸ ਜਾਰੀ: ਇੰਦਰ ਮੋਹਨ ਸਿੰਘ

ਖ਼ਬਰਾਂ, ਪੰਜਾਬ

ਨਵੀਂ ਦਿੱਲੀ, 5 ਜਨਵਰੀ (ਸੁਖਰਾਜ ਸਿੰਘ): ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਭਵਿੱਖ 'ਚ ਹੋਣ ਵਾਲੀਆਂ ਗੁਰਦਵਾਰਾ ਚੋਣਾਂ 'ਚ ਤਰਤੀਬਵਾਰ ਹਦਬੰਦੀ ਕਰਨ ਤੇ ਨਵੀਆਂ ਫ਼ੋਟੋ ਵਾਲੀਆਂ ਵੋਟਰ ਸੂਚੀਆਂ ਤਿਆਰ ਕਰਨ ਸਬੰਧੀ ਦਿੱਲੀ ਹਾਈ ਕੋਰਟ ਨੇ ਦਿੱਲੀ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸੀਨੀਅਰ ਮੀਤ ਪ੍ਰਧਾਨ ਤੇ ਦਿੱਲੀ ਗੁਰਦਵਾਰਾ ਚੋਣਾਂ ਮਾਮਲੇ ਦੇ ਜਾਣਕਾਰ ਇੰਦਰ ਮੋਹਨ ਸਿੰਘ ਨੇ ਦਸਿਆ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਵਲੋਂ ਇਸ 

ਸਬੰਧੀ ਦਾਖ਼ਲ ਕੀਤੀ ਪਟੀਸ਼ਨ ਦੀ ਅੱਜ ਹੋਈ ਸੁਣਵਾਈ ਵਿਚ ਦਿੱਲੀ ਸਰਕਾਰ ਦੇ ਵਕੀਲ ਨੇ ਨਵੀਆਂ ਵੋਟਰ ਸੂਚੀਆਂ ਤਿਆਰ ਕਰਨ ਦੀ ਥਾਂ 'ਤੇ ਪੁਰਾਣੀਆਂ ਵੋਟਰ ਸੂਚੀਆਂ ਵਿਚ ਮੁੜ ਸੋਧ ਕਰਨ ਦੀ ਤਜਵੀਜ਼ ਰੱਖੀ ਸੀ ਪਰ ਅਕਾਲੀ ਦਲ ਦਿੱਲੀ ਦੇ ਵਕੀਲ ਸ੍ਰੀ ਅਬਿਨਾਸ਼ ਮਿਸ਼ਰਾ ਵਲੋਂ ਇਸ ਦਾ ਵਿਰੋਧ ਕਰਨ 'ਤੇ ਅਦਾਲਤ ਨੇ ਨੇ ਦਿੱਲੀ ਸਰਕਾਰ ਦੀ ਦਲੀਲ ਨੂੰ ਦਰਕਿਨਾਰ ਕਰਦਿਆਂ ਨੋਟਿਸ ਜਾਰੀ ਕਰ ਕੇ 8 ਹਫ਼ਤਿਆਂ 'ਚ ਜਵਾਬ ਦੇਣ ਲਈ ਕਿਹਾ ਹੈ ਤੇ ਇਸ ਕੇਸ ਦੀ ਅਗਲੀ ਕਾਰਵਾਈ 24 ਅਪ੍ਰੈਲ 2018 ਨੂੰ ਤੈਅ ਕੀਤੀ ਗਈ ਹੈ।