ਹੈਰੋਇਨ ਤੇ 13 ਲੱਖ ਦੀ ਡਰੱਗ ਮਨੀ ਸਣੇ ਇਕ ਕਾਬੂ

ਖ਼ਬਰਾਂ, ਪੰਜਾਬ

ਫ਼ਿਰੋਜ਼ਪੁਰ, 7 ਦਸੰਬਰ (ਬਲਬੀਰ ਸਿੰਘ ਜੋਸਨ): ਬੀਤੇ ਦਿਨ ਕਾਊਟਰ ਇੰਟੈਲੀਜੈਂਸ ਫ਼ਿਰੋਜ਼ਪੁਰ ਦੀ ਟੀਮ ਨੇ ਨਾਕੇਬੰਦੀ ਦੇ ਦੌਰਾਨ ਇਕ ਸਮੱਗਲਰ ਨੂੰ ਹੈਰੋਇਨ ਅਤੇ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ।  ਕਾਬੂ ਸਮੱਗਲਰ ਪਿਛਲੇ ਛੇ ਮਹੀਨਿਆਂ ਤੋਂ ਹੈਰੋਇਨ ਦੀ ਸਪਲਾਈ ਕਰ ਰਿਹਾ ਸੀ। ਫ਼ਿਰੋਜ਼ਪੁਰ ਵਿਖੇ ਸੱਦੀ ਪ੍ਰੈਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਾਊਂਟਰ ਇੰਟੈਲੀਜੈਂਸ ਦੇ ਏਆਈਜੀ ਨਰਿੰਦਰਪਾਲ ਸਿੰਘ ਸਿੱਧੂ ਨੇ ਦਸਿਆ ਕਿ ਬੀਤੇ ਦਿਨ ਸੀਆਈ ਦੇ ਇੰਸਪੈਕਟਰ ਪਰਮਜੀਤ ਸਿੰਘ ਸਮੇਤ ਸਬ ਇੰਸਪੈਕਟਰ ਤਰਲੋਚਨ ਸਿੰਘ, ਏਐੱਸਆਈ ਜਤਿੰਦਰ ਸਿੰਘ ਦੀ ਟੀਮ ਨੇ ਪਿੰਡ ਅਟਾਰੀ ਤੋਂ ਵਾਹਕਾ ਰਸਤੇ 'ਤੇ ਚੈਕਿੰਗ ਦੌਰਾਨ ਸਾਹਮਣੇ ਤੋਂ ਆ ਰਹੀ ਇਕ ਕਾਰ ਸਵਿਫ਼ਟ ਨੰਬਰੀ ਪੀਬੀ 05 ਕਿਊ 1513 ਨੂੰ ਰੁਕਣ ਦਾ ਇਸ਼ਾਰਾ ਕੀਤਾ ਜੋ ਪੁਲਿਸ ਪਾਰਟੀ ਨੂੰ ਵੇਖ ਕੇ ਇਕ ਦਮ ਕਾਰ ਪਿਛੇ ਵੱਲ ਮੋੜਣ ਲੱਗਾ ਤਾਂ ਪੁਲਿਸ ਪਾਰਟੀ ਨੇ ਘਰਾ ਪਾ ਕੇ ਉਕਤ ਕਾਰ ਚਾਲਕ ਨੂੰ ਕਾਬੂ ਕਰ ਲਿਆ।
ਇੰਸਪੈਕਟਰ ਪਰਮਜੀਤ ਸਿੰਘ ਸਮੇਤ ਸਬ ਇੰਸਪੈਕਟਰ ਤਰਲੋਚਨ ਸਿੰਘ ਅਤੇ ਏਐੱਸਆਈ ਜਤਿੰਦਰ ਸਿੰਘ ਵਲੋਂ ਉਕਤ ਕਾਰ ਚਾਲਕ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 265 ਗ੍ਰਾਮ ਹੈਰੋਇਨ ਅਤੇ ਕਾਰ ਦੀ ਤਲਾਸ਼ੀ ਲੈਣ ਉਪਰੰਤ ਕਾਰ ਵਿਚੋਂ 13 ਲੱਖ 70 ਹਜ਼ਾਰ ਰੁਪਏ (ਭਾਰਤੀ ਕਰੰਸੀ) ਡਰੱਗ ਮਨੀ ਬਰਾਮਦ ਹੋਈ। ਫੜੇ ਗਏ ਸਮੱਗਲਰ ਦੀ ਪਛਾਣ ਗੁਰਵਿੰਦਰ ਸਿੰਘ ਵਾਸੀ ਬਸਤੀ ਰਾਮ ਲਾਲ ਵਜੋਂ ਹੋਈ ਹੈ। ਇੰਸਪੈਕਟਰ ਪਰਮਜੀਤ ਸਿੰਘ ਨੇ ਦਸਿਆ ਕਿ ਸਮੱਗਲਰ ਗੁਰਵਿੰਦਰ ਸਿੰਘ ਨੇ ਪੁਛਗਿੱਛ ਦੌਰਾਨ ਮੰਨਿਆ ਕਿ ਉਹ ਪਿਛਲੇ 6 ਮਹੀਨੇ ਤੋਂ ਵੱਡੇ ਪੱਧਰ ਤੇ ਹੈਰੋਇਨ ਦੀ ਸਮਗਲਿੰਗ ਕਰ ਰਿਹਾ ਸੀ। ਦੋਸ਼ੀ ਵਿਰੁਧ ਮਾਮਲਾ ਦਰਜ ਕਰ ਕੇ ਹੋਰ ਪੁਛਗਿੱਛ ਕੀਤੀ ਜਾ ਰਹੀ ਹੈ।