ਚੰਡੀਗੜ੍ਹ, 13 ਅਕਤੂਬਰ (ਨੀਲ ਭਲਿੰਦਰ ਸਿੰਘ) : ਸਾਧਵੀਆਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿਚ 20 ਸਾਲ ਦੀ ਸਜ਼ਾ ਕੱਟ ਰਹੇ ਸੌਦਾ ਸਾਧ ਗੁਰਮੀਤ ਰਾਮ ਰਹੀਮ ਦੀ ਕਰੀਬੀ ਹਨੀਪ੍ਰੀਤ ਇੰਸਾਂ ਊਰਫ਼ ਪ੍ਰਿਅੰਕਾ ਤਨੇਜਾ ਦਾ ਤਿੰਨ ਦਿਨਾਂ ਪੁਲਿਸ ਰਿਮਾਂਡ ਅੱਜ ਖ਼ਤਮ ਹੋ ਗਿਆ। ਅੱਜ ਹਨੀਪ੍ਰੀਤ ਨੂੰ ਪੰਚਕੂਲਾ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੋਂ ਉਸ ਨੂੰ 23 ਅਕਤੂਬਰ ਤਕ ਨਿਆਇਕ ਹਿਰਾਸਤ ਵਿਚ ਭੇਜ ਦਿਤਾ ਹੈ। ਪੁਲਿਸ ਨੇ ਇਸ ਵਾਰ ਅਦਾਲਤ ਕੋਲੋਂ ਰਿਮਾਂਡ ਨਹੀਂ ਮੰਗਿਆ। ਅਦਾਲਤ ਨੇ ਹਨੀਪ੍ਰੀਤ ਅਤੇ ਸੁਖਦੀਪ ਕੌਰ ਨੂੰ 23 ਅਕਤੂਬਰ ਤਕ ਨਿਆਇਕ ਹਿਰਾਸਤ ਵਿਚ ਭੇਜ ਦਿਤਾ ਹੈ।
ਸੂਤਰਾਂ ਅਨੁਸਾਰ ਹਨੀਪ੍ਰੀਤ ਨੂੰ ਅੰਬਾਲਾ ਜੇਲ ਵਿਚ ਰਖਿਆ ਜਾਵੇਗਾ ਅਤੇ ਅੱਗੇ ਦੀਆਂ ਅਦਾਲਤੀ ਪੇਸ਼ੀਆਂ ਵੀ ਹੁਣ ਸੁਰੱਖਿਆ ਦੇ ਮੱਦੇਨਜ਼ਰ ਵੀਡੀਉ ਕਾਨਫ਼ਰਸਿੰਗ ਰਾਹੀਂ ਹੀ ਕੀਤੀਆਂ ਜਾਣਗੀਆਂ। ਸੂਤਰਾਂ ਮੁਤਾਬਕ ਐਸਆਈਟੀ ਹਨੀਪ੍ਰੀਤ ਅਤੇ ਉਸ ਦੀ ਕਰੀਬੀ
ਸੁਖਦੀਪ ਕੌਰ ਨੂੰ ਬੁੱਧਵਾਰ ਨੂੰ ਬਠਿੰਡਾ ਦੇ ਜੰਗੀਆਣਾ ਪਿੰਡ ਵਿਚ ਲੈਕੇ ਪਹੁੰਚੀ ਸੀ। ਇਸ ਦੇ ਬਾਵਜੂਦ ਪੁਲਿਸ ਦੇ ਹੱਥ ਕੋਈ ਸੁਰਾਗ਼ ਨਹੀਂ ਲੱਗਾ। ਪੁਲਿਸ ਨੂੰ ਹਨੀਪ੍ਰੀਤ ਦਾ ਮੋਬਾਈਲ ਵੀ ਨਹੀਂ ਮਿਲ ਸਕਿਆ। ਇਸ ਮਗਰੋਂ ਐਸਆਈਟੀ ਰਾਜਸਥਾਨ ਦੇ ਹਨੁਮਾਨਗੜ੍ਹ ਤੋਂ ਇਲਾਵਾ ਬੀਕਾਨੇਰ ਵੱਲ ਵੀ ਗਈ। ਪੁਲਿਸ ਸਾਹਮਣੇ ਹੁਣ ਹਾਲੇ ਵੀ ਫ਼ਰਾਰ ਚੱਲ ਰਹੇ ਦੂਜੇ ਡੇਰਾ ਪ੍ਰਬੰਧਕਾਂ ਡਾ. ਆਦਿਤਿਆ ਇੰਸਾਂ ਅਤੇ ਪਵਨ ਇੰਸਾਂ ਨੂੰ ਕਾਬੂ ਕਰਨ ਦੀ ਚੁਣੌਤੀ ਹੈ। ਆਦਿਤਿਅ ਇੰਸਾਂ 25 ਅਗੱਸਤ ਨੂੰ ਪੰਚਕੂਲਾ ਵਿਚ ਹੋਈ ਹਿੰਸਾਂ ਦੇ ਦਿਨ ਤੋਂ ਹੀ ਫ਼ਰਾਰ ਹੈ।