ਬਠਿੰਡਾ, 5 ਅਕਤੂਬਰ (ਸੁਖਜਿੰਦਰ ਮਾਨ, ਸੁਭਾਸ਼ ਸਿੰਗਲਾ, ਢੀਂਗਰਾ, ਗੁਰਪ੍ਰੀਤ) : ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਦੀ ਮੂੰਹ ਬੋਲੀ 'ਬੇਟੀ' ਹਨੀਪ੍ਰੀਤ ਕੌਰ ਅਤੇ ਉਸ ਦੀ ਸਾਥਣ ਸੁਖਦੀਪ ਕੌਰ ਨੂੰ ਹਰਿਆਣਾ ਪੁਲਿਸ ਅੱਜ ਬਠਿੰਡਾ ਲੈ ਕੇ ਪੁੱਜੀ। ਹਾਲਾਂਕਿ ਇਸ ਫੇਰੀ ਦੌਰਾਨ ਹਰਿਆਣਾ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਦੇ ਹੱਥ ਕੁੱਝ ਨਹੀਂ ਲੱਗਿਆ ਤੇ ਖ਼ਾਲੀ ਹੱਥ ਵਾਪਸ ਮੁੜਨਾ ਪਿਆ। ਇਸ ਤੋਂ ਇਲਾਵਾ ਟੀਮ ਨੇ ਸੁਖਦੀਪ ਕੌਰ ਦੇ ਜੱਦੀ ਘਰ ਪਿੰਡ ਬੱਲੂਆਣਾ 'ਚ ਇਸ ਟੀਮ ਨੇ ਫੇਰੀ ਨਹੀਂ ਪਾਈ। ਦੋ ਦਿਨ ਪਹਿਲਾਂ ਪੁਲਿਸ ਵਲੋਂ ਗ੍ਰਿਫ਼ਤਾਰ ਕਰਨ ਤੋਂ ਬਾਅਦ ਹਨੀਪ੍ਰੀਤ ਨੇ ਦਾਅਵਾ ਕੀਤਾ ਸੀ ਕਿ ਉਹ ਰੁਪੋਸ਼ ਦੌਰਾਨ ਕੁੱਝ ਸਮੇਂ ਸੁਖਦੀਪ ਦੇ ਘਰ ਬਠਿੰਡਾ ਰਹੀ ਸੀ। ਹਾਲਾਂਕਿ ਪੜਤਾਲ ਦੌਰਾਨ ਹਰਿਆਣਾ ਪੁਲਿਸ ਦੇ ਅਧਿਕਾਰੀਆਂ ਨੂੰ ਅਜਿਹਾ ਕੁੱਝ ਨਹੀਂ ਲੱਗਿਆ ਕਿ ਇਸ ਘਰ ਵਿਚ ਪਿਛਲੇ ਕੁੱਝ ਮਹੀਨਿਆਂ ਤੋਂ ਕਿਸੇ ਮਨੁੱਖ ਦਾ ਵਾਸਾ ਰਿਹਾ ਹੋਵੇਗਾ। ਪੁਲਿਸ ਨੂੰ ਘਰ ਦਾ ਵੀ ਤਾਲਾ ਤੋੜ ਕੇ ਅੰਦਰ ਜਾਣਾ ਪਿਆ।