ਹਰ ਸਾਲ ਨਗਰ ਨਿਗਮ 'ਚ ਲੱਗ ਰਿਹੈ 700 ਕਰੋੜ ਰੁਪਏ ਦਾ ਚੂਨਾ: ਬੈਂਸ

ਖ਼ਬਰਾਂ, ਪੰਜਾਬ

ਲੁਧਿਆਣਾ: ਲੋਕ ਇਨਸਾਫ ਪਾਰਟੀ ਦੇ ਆਗੂ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਨਗਰ ਨਿਗਮ ਲੁਧਿਆਣਾ ਅੰਦਰ ਵੱਧ ਰਹੇ ਭ੍ਰਿਸ਼ਟਾਚਾਰ ਸਬੰਧੀ ਅੰਕੜੇ ਦੱਸਦੇ ਹੋਏ ਦੋਸ਼ ਲਾਇਆ ਕਿ ਨਗਰ ਨਿਗਮ ਲੁਧਿਆਣਾ ਦੇ ਅਧਿਕਾਰੀ ਅਤੇ ਕਰਮਚਾਰੀ ਹਰ ਸਾਲ 700 ਕਰੋੜ ਰੁਪਏ ਦਾ ਚੂਨਾ ਲਾ ਰਹੇ ਹਨ ਤੇ ਨਗਰ ਨਿਗਮ ਚੋਣਾਂ ਜਿੱਤਣ ਤੋਂ ਬਾਅਦ ਲੋਕ ਇਨਸਾਫ ਪਾਰਟੀ ਪਾਈ-ਪਾਈ ਦਾ ਹਿਸਾਬ ਲਵੇਗੀ।

ਵਿਧਾਇਕ ਬੈਂਸ ਨੇ ਕਿਹਾ ਕਿ ਨਗਰ ਨਿਗਮ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਕੰਮ 'ਤੇ ਲੋਕ ਇਨਸਾਫ ਪਾਰਟੀ ਦੀ ਅੱਖ ਹੈ ਤੇ ਉਨ੍ਹਾਂ ਦਾ ਪੂਰਾ ਕੱਚਾ-ਚਿੱਠਾ ਨਿਗਮ ਚੋਣਾਂ ਜਿੱਤਣ ਤੋਂ ਬਾਅਦ ਖੋਲ੍ਹਿਆ ਜਾਵੇਗਾ। 

ਨਗਰ ਨਿਗਮ ਚੋਣਾਂ ਲਈ ਲੋਕ ਇਨਸਾਫ ਪਾਰਟੀ ਤਿਆਰ-ਬਰ-ਤਿਆਰ ਹੈ ਅਤੇ ਹਰ ਵਾਰਡ ਵਿਚ 51 ਮੈਂਬਰੀ ਟੀਮਾਂ ਬਣਾ ਦਿੱਤੀਆਂ ਗਈਆਂ ਹਨ ਅਤੇ 51 ਮੈਂਬਰੀ ਟੀਮ ਦੇ ਮੈਂਬਰ ਘਰ-ਘਰ ਜਾ ਕੇ ਲੋਕ ਇਨਸਾਫ ਪਾਰਟੀ ਦਾ ਪ੍ਰਚਾਰ ਕਰਨਗੇ, ਜੋ ਲੋਕਾਂ ਨੂੰ ਠੱਗੀਆਂ ਸਬੰਧੀ ਜਾਗਰੂਕ ਕਰਨਗੇ।