ਚੰਡੀਗੜ੍ਹ, 24 ਅਕਤੂਬਰ (ਸਸਸ): ਵਿਰੋਧੀ ਧਿਰ ਵਲੋਂ ਲਾਏ ਜਾ ਰਹੇ ਝੂਠੇ ਦੋਸ਼ਾਂ ਅਤੇ ਮੀਡੀਆ ਦੇ ਇਕ ਹਿੱਸੇ ਵਿਚ ਕੀਤੇ ਗਏ ਕੂੜ ਪ੍ਰਚਾਰ ਦੇ ਉਲਟ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਥੇ ਜਾਰੀ ਇਕ ਬਿਆਨ ਵਿਚ ਕਿਹਾ ਕਿ ਹਿਮਾਚਲ ਪ੍ਰਦੇਸ਼ ਨੂੰ ਛੱਡ ਕੇ ਉੱਤਰੀ ਖ਼ਿੱਤੇ 'ਚ ਪੰਜਾਬ ਵਿਚ ਸੱਭ ਤੋਂ ਘੱਟ ਦਰਾਂ 'ਤੇ ਬਿਜਲੀ ਮੁਹੱਈਆ ਕਰਵਾਈ ਜਾ ਰਹੀ ਹੈ।ਵਿਰੋਧੀ ਧਿਰ 'ਤੇ ਝੂਠੇ ਬਿਆਨਾਂ ਨਾਲ ਲੋਕਾਂ ਨੂੰ ਗੁਮਰਾਹ ਕਰਨ ਦੀ ਕੀਤੀ ਜਾ ਰਹੀ ਕੋਸ਼ਿਸ਼ ਦੀ ਤਿੱਖੀ ਆਲੋਚਨਾ ਕਰਦੇ ਹੋਏ ਮੁੱਖ ਮੰਤਰੀ ਨੇ ਤੱਥਾਂ ਨੂੰ ਘੋਖੇ ਬਗ਼ੈਰ ਨਿਰਾਧਾਰ ਦੋਸ਼ ਲਾਉਣ ਲਈ ਮੀਡੀਆ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਅਸਲ ਤੱਥ ਇਹ ਹਨ ਕਿ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਵਲੋਂ ਬੀਤੇ ਦਿਨ ਬਿਜਲੀ ਦਰਾਂ ਵਿਚ ਮਾਮੂਲੀ ਵਾਧੇ ਦੇ ਕੀਤੇ ਗਏ ਐਲਾਨ ਦੇ ਬਾਵਜੂਦ ਹਿਮਾਚਲ ਪ੍ਰਦੇਸ਼ ਨੂੰ ਛੱਡ ਕੇ ਪੂਰੇ ਉੱਤਰੀ ਭਾਰਤ ਵਿਚ ਪੰਜਾਬ 'ਚੋਂ ਸੱਭ ਤੋਂ ਘੱਟ ਦਰਾਂ 'ਤੇ ਬਿਜਲੀ ਦਿਤੀ ਜਾ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰੀ ਤੱਥ ਵਿਰੋਧੀ ਧਿਰ ਵਲੋਂ ਲਾਏ ਜਾ ਰਹੇ ਇਲਜ਼ਾਮਾਂ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਵਲੋਂ ਪੂਰੀ ਤਰ੍ਹਾਂ ਝੂਠੇ ਬਿਆਨ ਦਿਤੇ ਜਾ ਰਹੇ ਹਨ ਜੋ ਕਿ ਤੱਥਾਂ ਨਾਲ ਕਿਸੇ ਵੀ ਤਰ੍ਹਾਂ ਮੇਲ ਨਹੀਂ ਖਾਂਦੇ। ਉਨ੍ਹਾਂ ਕਿਹਾ ਕਿ ਅਸਲ 'ਚ ਇਹ ਬਿਆਨ ਸਿਆਸਤ ਤੋਂ ਪ੍ਰੇਰਿਤ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਤੇ ਇੱਥੋਂ ਦੇ ਲੋਕਾਂ ਦੇ ਹਿੱਤਾਂ ਵਿਚ ਉਸਾਰੂ ਵਿਰੋਧ ਕਰਨ ਦੀ ਥਾਂ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਸੂਬਾ ਸਰਕਾਰ ਵਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਨੂੰ ਘਟਾਉਣ ਲਈ ਨਾਂਹ-ਪੱਖੀ ਏਜੰਡਾ ਪੇਸ਼ ਕਰ ਰਹੇ ਹਨ ਅਤੇ ਅਜਿਹਾ ਕਰ ਕੇ ਉਹ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਾਲ ਹੀ ਵਿਚ ਹੋਈ ਗੁਰਦਾਸਪੁਰ ਦੀ ਚੋਣ ਅਤੇ ਇਸ ਤੋਂ ਪਹਿਲਾਂ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਲੋਕਾਂ ਨੇ ਇਨ੍ਹਾਂ ਪਾਰਟੀਆਂ ਨੂੰ ਪਹਿਲਾਂ ਹੀ ਬੁਰੀ ਤਰ੍ਹਾਂ ਨਾਕਾਰ ਦਿਤਾ ਹੈ ਅਤੇ ਇਹ ਝੂਠੇ ਤੇ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਬਿਆਨ ਜਾਰੀ ਕਰਨ ਨਾਲ ਇਹ ਪਾਰਟੀਆਂ ਲੋਕਾਂ ਤੋਂ ਨਿੱਖੜ ਜਾਣਗੀਆਂ।