ਹਿੰਸਾ ਦੇ ਮੁੱਖ ਸਾਜ਼ਸ਼ੀਆਂ 'ਚ ਸ਼ਾਮਲ 'ਪ੍ਰੇਮੀ' ਦੁਨੀ ਚੰਦ ਗ੍ਰਿਫ਼ਤਾਰ

ਖ਼ਬਰਾਂ, ਪੰਜਾਬ



ਸੰਗਰੂਰ, 4 ਸਤੰਬਰ (ਗੁਰਦਰਸ਼ਨ ਸਿੰਘ ਸਿੱਧੂ/ਪਰਮਜੀਤ ਸਿੰਘ ਲੱਡਾ/ਲਖਵੀਰ ਧਾਂਦਰਾ) : ਸੌਦਾ ਸਾਧ ਨੂੰ ਬਲਾਤਕਾਰ ਮਾਮਲਿਆਂ 'ਚ ਸਜ਼ਾ ਦਿਤੇ ਜਾਣ ਦੇ ਵਿਰੋਧ 'ਚ ਮਾਲਵੇ 'ਚ ਹਿੰਸਾ ਫੈਲਾਉਣ ਦੇ ਮੁੱਖ ਸਾਜ਼ਸ਼ੀਆਂ 'ਚ ਸ਼ਾਮਲ ਦੁਨੀ ਚੰਦ ਨਾਮੀ 'ਪ੍ਰੇਮੀ' ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਪ੍ਰੈਸ ਕਾਨਫ਼ਰੰਸ 'ਚ ਦਸਿਆ ਕਿ ਦੁਨੀ ਚੰਦ ਕੋਲੋਂ 1,70,000 ਰੁਪਏ ਨਕਦ ਬ੍ਰਾਮਦ ਕੀਤੇ ਗਏ ਹਨ।
ਸਿੱਧੂ ਨੇ ਦਸਿਆ ਕਿ ਜ਼ਿਲ੍ਹਾ ਸੰਗਰੂਰ 'ਚ ਡੇਰੇ ਦੇ ਸਮਰਥਕਾਂ ਵਲੋਂ ਵੱਖ ਵੱਖ ਥਾਵਾਂ 'ਤੇ ਗਰਿੱਡ, ਤਹਿਸੀਲ, ਪੈਟਰੋਲ ਪੰਪ ਆਦਿ ਨੂੰ ਅੱਗ ਲਗਾ ਕੇ ਸਾੜਨ ਦੀ ਕੋਸ਼ਿਸ਼ ਕੀਤੀ ਗਈ ਜਿਸ ਸਬੰਧੀ ਵੱਖ-ਵੱਖ ਥਾਣਿਆਂ ਵਿਚ ਪਰਚੇ ਦਰਜ ਕੀਤੇ ਗਏ ਸਨ। ਕਲ ਦਿੜਬਾ ਪੁਲਿਸ ਨੇ ਬਾਹਦ ਪਿੰਡ ਗੁਜਰਾਂ ਵਿਖੇ ਕਥਿਤ ਮੁੱਖ ਸ਼ਾਜ਼ਸਕਾਰ ਦੁਨੀ ਚੰਦ ਵਾਸੀ ਸ਼ੇਰਪੁਰ ਨੂੰ ਰਿਟਜ਼ ਕਾਰ ਸਮੇਤ ਕਾਬੂ ਕੀਤਾ। ਉਸ ਕੋਲੋਂ ਪੀਸੀਆਂ ਹੋਈਆਂ ਮਿਰਚਾਂ ਤੇ ਡੇਰੇ ਨਾਲ ਸਬੰਧਤ ਲਿਟਰੇਚਰ ਵੀ ਮਿਲਿਆ ਹੈ। ਸੰਗਰੂਰ ਪੁਲਿਸ ਨੇ ਹਿੰਸਾ ਫੈਲਾਉਣ ਦੇ ਦੋਸ਼ 'ਚ ਹੁਣ ਤਕ 59 ਮੁਲਜ਼ਮ ਗ੍ਰਿਫ਼ਤਾਰ ਕੀਤੇ ਹਨ।
ਐਸਐਸਪੀ ਨੇ ਦਾਅਵਾ ਕੀਤਾ ਕਿ ਦੁਨੀ ਚੰਦ ਨੇ ਇਹ ਗੱਲ ਮੰਨੀ ਕਿ ਰਾਕੇਸ਼ ਕੁਮਾਰ, ਬ੍ਰਹਮਚਾਰੀ ਭਰਾ ਸਤਪਾਲ ਟੋਨੀ (ਮਾਲਕ ਦਿੜਬਾ ਫ਼ੈਕਟਰੀ) ਸੌਦਾ ਸਾਧ ਦਾ ਵਿਸ਼ਵਾਸਪਾਤਰ ਸੀ ਤੇ ਉਸ ਨੇ ਪੰਜਾਬ 'ਚ ਹਿੰਸਾ ਭੜਕਾਉਣ ਲਈ 8 ਮੈਂਬਰ ਨਿਯੁਕਤੇ ਕੀਤੇ ਸਨ ਜਿਨ੍ਹਾਂ ਵਿਚ ਸੰਗਰੂਰ ਤੋਂ ਦੁਨੀ ਚੰਦ ਵਾਸੀ ਸ਼ੇਰਪੁਰ, ਮਾਨਸਾ ਤੋਂ ਮੇਜਰ ਸਿੰਘ ਖ਼ਿਆਲਾ, ਬਠਿੰਡਾ ਤੋਂ ਬਲਵਿੰਦਰ ਸਿੰਘ ਬੰਦੀ, ਬਾਘਾ ਪੁਰਾਣਾ ਤੋਂ ਪ੍ਰਿਥਵੀ ਚੰਦ, ਬਠਿੰਡਾ ਤੋਂ ਗੁਰਦੇਵ ਸਿੰਘ, ਕੋਟਕਪੂਰਾ ਤੋਂ ਮਹਿੰਦਰ ਪਾਲ ਸਿੰਘ ਬਿੱਟੂ, ਕੋਟ ਭਾਈ ਬਠਿੰਡਾ ਤੋਂ ਗੁਰਦਾਸ ਸਿੰਘ ਅਤੇ ਗੁਰਜੀਤ ਸਿੰਘ ਮੋਗਾ ਸ਼ਾਮਲ ਸਨ। ਇਨ੍ਹਾਂ ਨੂੰ 'ਏ' ਟੀਮ ਦਾ ਨਾਮ ਦਿਤਾ ਗਿਆ। ਰਵੀ ਕੁਮਾਰ ਵਾਸੀ ਮੁਕਤਸਰ ਨੂੰ ਪੰਜਾਬ ਦੀ 'ਏ' ਟੀਮ  (ਬਾਕੀ ਸਫ਼ਾ 7 'ਤੇ)
ਦਾ ਇੰਚਾਰਜ ਬਣਾਇਆ ਗਿਆ।
ਐਸ.ਐਸ.ਪੀ ਨੇ ਦਸਿਆ ਕਿ 'ਏ' ਟੀਮ ਦੀ ਪਹਿਲੀ ਮੀਟਿੰਗ 17 ਅਗੱਸਤ ਨੂੰ ਸਿਰਸਾ ਵਿਖੇ ਰਵੀ ਕੁਮਾਰ ਨੇ ਰਾਤ 2 ਵਜੇ ਕੀਤੀ ਜੋ 30 ਤੋਂ 40 ਮਿੰਟ ਤਕ ਚੱਲੀ। ਮੀਟਿੰਗ ਵਿਚ ਕਿਹਾ ਗਿਆ ਕਿ ਜੇ ਫ਼ੈਸਲਾ ਡੇਰਾ ਮੁਖੀ ਵਿਰੁਧ ਆਉਂਦਾ ਹੈ ਤਾਂ ਹਿੰਸਾ ਫੈਲਾਈ ਜਾਵੇ। 8 ਮੈਂਬਰੀ ਟੀਮ ਨੂੰ ਅੱਗੇ ਦੋ ਟੀਮਾਂ ਵਿਚ ਵੰਡਿਆ ਗਿਆ। ਮੈਬਰਾਂ ਨੇ ਫ਼ੋਨਾਂ ਅਤੇ ਹੋਰ ਤਰੀਕਿਆਂ ਨਾਲ ਅਪਣੇ ਸਮਰਥਕਾਂ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿਤਾ। ਇਹ ਵੀ ਫ਼ੈਸਲਾ ਹੋਇਆ ਕਿ ਫ਼ੈਸਲੇ ਵਾਲੇ ਦਿਨ ਪੰਚਕੂਲਾ ਵਿਖੇ ਵੱਧ ਤੋਂ ਵੱਧ ਗਿਣਤੀ ਵਿਚ ਸਮਰਥਕ ਪਹੁੰਚਣ।