ਹੁੱਡਾ ਵਲੋਂ ਪੰਚਕੂਲਾ ਹਿੰਸਾ ਦੀ ਜਾਂਚ ਲਈ ਹਾਈ ਕੋਰਟ ਜੱਜ ਦੀ ਅਗਵਾਈ ਹੇਠ ਕਮਿਸ਼ਨ ਬਣਾਉਣ ਦੀ ਮੰਗ

ਖ਼ਬਰਾਂ, ਪੰਜਾਬ

ਚੰਡੀਗੜ੍ਹ, 6 ਅਕਤੂਬਰ (ਨੀਲ ਭਲਿੰਦਰ ਸਿੰਘ) : ਸੌਦਾ ਸਾਧ ਦੀ ਕਰੀਬੀ ਹਨੀਪ੍ਰੀਤ ਦੀ ਗ੍ਰਿਫ਼ਤਾਰੀ ਮਗਰੋਂ ਹਰਿਆਣਾ ਅਤੇ ਪੰਜਾਬ ਵਿਚਾਲੇ ਉਭਰੇ ਵਖਰੇਵਿਆਂ ਦੌਰਾਨ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਚੌਧਰੀ ਭੁਪਿੰਦਰ ਸਿੰਘ ਹੁੱਡਾ ਨੇ ਸੂਬੇ ਵਿਚਲੀ ਭਾਜਪਾ ਸਰਕਾਰ ਉਤੇ ਨਿਸ਼ਾਨਾ ਸਾਧ ਲਿਆ ਹੈ। ਹੁੱਡਾ ਨੇ ਸੌਦਾ ਸਾਧ ਨੂੰ ਦੋਸ਼ੀ ਠਹਿਰਾਏ ਜਾਣ ਮਗਰੋਂ ਪੰਚਕੂਲਾ 'ਚ ਵਾਪਰੀ ਹਿੰਸਾ ਦੀ ਜਾਂਚ ਲਈ ਹਾਈ ਕੋਰਟ ਦੇ ਕਿਸੇ ਸੀਟਿੰਗ ਜੱਜ ਦੀ ਅਗਵਾਈ ਵਿਚ ਕਮਿਸ਼ਨ ਬਣਾਉਣ ਅਤੇ ਜਾਟ ਰਾਖਵਾਂਕਰਨ ਅੰਦੋਲਨ ਦੀ ਜਾਂਚ ਕਰਨ ਵਾਲੇ ਸਾਬਕਾ  ਡੀਜੀਪੀ ਪ੍ਰਕਾਸ਼ ਸਿੰਘ ਨੂੰ ਨਾਲ ਜੋੜਨ ਦੀ ਮੰਗ ਕੀਤੀ ਹੈ।
ਸ਼ੁਕਰਵਾਰ ਨੂੰ ਮੀਡੀਆ ਨਾਲ ਗੱਲਬਾਤ ਵਿਚ ਸਾਬਕਾ ਮੁੱਖ ਮੰਤਰੀ ਹੁੱਡਾ ਨੇ ਕਿਹਾ ਕਿ ਸੂਬਾ ਸਰਕਾਰ ਦੱਸੇ ਕਿ ਭਾਜਪਾ ਅਤੇ ਡੇਰੇ ਵਿਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀ ਸੌਦਾ ਹੋਇਆ ਸੀ?
ਹਨੀਪ੍ਰੀਤ ਦੇ ਇਕ ਅਹਿਮ  ਬਿਆਨ ਦਾ ਹਵਾਲਾ ਦੇ ਕੇ ਹੁੱਡਾ ਨੇ ਕਿਹਾ ਕਿ ਹਨੀਪ੍ਰੀਤ ਦਾ ਕਹਿਣਾ ਹੈ ਕਿ ਅਸੀਂ ਤਾਂ ਸੋਚਿਆ ਸੀ ਕਿ ਡੇਰਾ ਮੁਖੀ ਸਵੇਰੇ ਪੰਚਕੂਲਾ ਵਿਚ ਪੇਸ਼ੀ ਤੋਂ ਬਾਅਦ ਸ਼ਾਮ ਨੂੰ ਸਿਰਸਾ ਪਰਤ ਜਾਵੇਗਾ। ਕਿਸੇ ਵੱਡੀ ਰਲਗੱਡ ਵਲ ਇਸ਼ਾਰਾ ਕਰਦਾ ਹੈ। ਹੁੱਡਾ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਮੁਖ਼ਾਤਬ ਹੁੰਦੇ ਹੋਏ ਕਿਹਾ ਕਿ ਹਨੀਪ੍ਰੀਤ ਦੀ ਫ਼ਰਾਰੀ ਵਿਚ ਪੰਜਾਬ ਦੀ ਭੂਮਿਕਾ ਨੂੰ ਲੈ ਕੇ ਦਾਲ ਵਿਚ ਕਾਲਾ ਦੱਸਣ ਵਾਲੇ ਮੁੱਖ ਮੰਤਰੀ ਸਪੱਸ਼ਟ ਕਰਨ ਕਿ ਹਨੀਪ੍ਰੀਤ ਡੇਰੇ ਤੋਂ ਕਿਸ ਦੀ 'ਛਤਰਛਾਇਆ ਵਿਚ ਨਿਕਲ ਕੇ ਰਾਜਸਥਾਨ ਪਹੁੰਚੀ, ਉਥੇ ਕਿਸ ਦੀ ਸਰਕਾਰ ਹੈ ਜਿਸ ਨੇ ਉਸ ਨੂੰ ਬਚ ਕੇ ਨਿਕਲ ਜਾਣ ਦਿਤਾ?