ਮੈਂ ਕਿਤੇ ਵੀ ਚਲਾ ਜਾਵਾਂ ਪਰ ਮੇਰਾ ਦਿਲ ਤਾਂ ਅਬੋਹਰ ਹੀ ਵਸਦਾ ਏ : ਜਾਖੜ
ਅਬੋਹਰ, 27 ਅਕਤੂਬਰ (ਤੇਜਿੰਦਰ ਸਿੰਘ ਖ਼ਾਲਸਾ) : ਪੰਜਾਬ ਦੀ ਜਨਤਾ ਨੇ ਬਾਦਲ ਜੀਜਾ ਸਾਲਾ ਨੂੰ ਭਜਾ ਦਿਤਾ ਹੈ ਅਤੇ ਪੰਜਾਬ ਤੋਂ ਕਾਲੇ ਬੱਦਲ ਛੱਟ ਚੁੱਕੇ ਹਨ ਹੁਣ ਪੰਜਾਬ ਵਿੱਚ ਕਾਂਗਰਸ ਸਰਕਾਰ ਸ਼ਹਿਰਾਂ ਦੀ ਨੁਹਾਰ ਬਦਲੇਗੀ ਜਿਸ ਦੀ ਸ਼ੁਰੂਆਤ ਅੱਜ ਅਸੀਂ ਅਬੋਹਰ ਸ਼ਹਿਰ ਤੋਂ ਕਰ ਕੇ ਜਾ ਰਹੇ ਹਾਂ | ਉਕਤ ਸ਼ਬਦ ਸਾਂਝੇ ਕਰਦਿਆਂ ਅੱਜ ਪੰਜਾਬ ਦੇ ਸਥਾਨਕ ਸਰਕਾਰ ਤੇ ਸੈਰ-ਸਪਾਟਾ ਮਾਮਲੇ ਅਤੇ ਅਜਾਇਬ ਘਰ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪਿਛਲੇ 10 ਸਾਲਾਂ ਦੌਰਾਨ ਅਬੋਹਰ ਦੇ ਲੋਕਾਂ ਨਾਲ ਵਿਕਾਸ ਪੱਖੋਂ ਕੀਤੇ ਗਏ ਪੱਖਪਾਤ ਨੂੰ ਫੁਲ-ਸਟਾਪ ਲਗਾ ਕੇ ਵਿਕਾਸ ਦੀ ਰੇਲ ਗੱਡੀ ਚਲਾਈ ਜਾਵੇਗੀ | ਉਨ੍ਹਾਂ ਕਿਹਾ ਕਿ ਅਬੋਹਰ ਜੋ ਸਫਾਈ ਪੱਖੋਂ ਪੱਛੜ ਗਿਆ ਸੀ ਉਸ ਨੂੰ ਬਹੁਤ ਜਲਦ ਵਿਕਾਸ ਕਰਵਾ ਕੇ ਦੇਸ਼ ਦੇ ਮੌਹਰੀ ਸ਼ਹਿਰਾਂ ਵਿੱਚ ਸ਼ਾਮਲ ਕਰਵਾਇਆ ਜਾਵੇਗਾ | ਕੈਬਨਿਟ ਮੰਤਰੀ ਸ. ਸਿੱਧੂ ਨੇ ਅੱਜ ਅਬੋਹਰ ਵਿਖੇ ਅਮਰੁਤ ਸਕੀਮ ਅਧੀਨ ਲਗਭਗ 163.60 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਸਿਸਟਮ ਵਿੱਚ ਸੁਧਾਰ ਲਿਆਉਣ ਅਤੇ ਪੀਣ ਵਾਲੇ ਸਾਫ ਪਾਣੀ ਸ਼ਹਿਰ ਵਾਸੀਆਂ ਨੂੰ ਮੁਹੱਈਆਂ ਕਰਵਾਉਣ ਲਈ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਨ ਉਪਰੰਤ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਬੋਹਰ ਦੇ ਵਿਕਾਸ ਕਾਰਜਾਂ ਕਰਨ ਵਿੱਚ ਕੋਈ ਢਿੱਲ ਨਹੀਂ ਵਰਤੀ ਜਾਵੇਗੀ | ਉਨ੍ਹਾਂ ਅਪਣੇ ਸ਼ੇਅਰੋ-ਸ਼ਾਇਰੀ ਵਾਲੇ ਅੰਦਾਜ ਵਿੱਚ ਕਿਹਾ ਕਿ ਅਬੋਹਰ ਦੇ ਦੁੱਖ ਭਰੇ ਦਿਨ ਬੀਤੇ ਚੁੱਕੇ ਹਨ ਤੇ ਹੁਣ ਇਥੋਂ ਦੇ ਲੋਕਾਂ ਲਈ ਖੁਸ਼ੀ ਭਰੇ ਦਿਨ ਸ਼ੁਰੂ ਹੋ ਗਏ ਹਨ |ਨਵਜੋਤ ਸਿੰਘ ਸਿੱਧੂ ਨੇ ਅਬੋਹਰ ਦੇ ਵਿਕਾਸ ਕਾਰਜਾਂ ਲਈ 10 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਇਸ ਸ਼ਹਿਰ ਦੀ ਸੁੰਦਰਤਾ ਲਈ ਹੋਰ 500 ਕਰੋੜ ਰੁਪਏ ਖਰਚ ਕੀਤੇ ਜਾਣਗੇ | ਉਨ੍ਹਾਂ ਕਾਂਗਰਸ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸਲਾਹਣਾ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਇਮਾਰਤਾਂ ਦੇ ਨਕਸ਼ਿਆਂ ਨੂੰ ਆਨ-ਲਾਈਨ ਕਰਨ ਲਈ ਵਿਲਖਣ ਪਹਿਲ ਕਦਮੀ ਕੀਤੀ ਗਈ ਹੈ |
ਉਨ੍ਹਾਂ ਅਪਣੀ ਵਿਲੱਖਣ ਸ਼ੈਲੀ ਰਾਹੀਂ ਔਰਤਾਂ ਦੀ ਮਹਾਨਤਾ ਨੂੰ ਬਿਆਨ ਕਰਦਿਆਂ ਕਿਹਾ ਕਿ ਹਮੇਸ਼ਾ ਕਾਂਗਰਸ ਦੇ ਰਾਜ ਸਮੇਂ ਔਰਤਾਂ ਨੂੰ ਸਤਿਕਾਰ ਮਿਲਿਆ ਹੈ | ਉਨ੍ਹਾਂ ਕਿਹਾ ਕਿ ਅਬੋਹਰ ਦੇ ਮੰਤਰੀ ਸੁਨੀਲ ਜਾਖੜ ਹੀ ਹਨ ਅਤੇ ਇਨ੍ਹਾਂ ਜੋ ਕਹਿਣਾ ਹੈ ਉਹ ਸਭ ਕੰਮ ਅਬੋਹਰ ਸ਼ਹਿਰ ਵਾਸੀਆਂ ਦੇ ਹੋਣਗੇ |ਇਸ ਉਪਰੰਤ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਬੋਹਰ ਵਿੱਚ ਅਕਾਲੀ-ਭਾਜਪਾ ਸਰਕਾਰ ਸਮੇਂ ਕੀਤੇ ਗਏ ਨਜਾਇਜ਼ ਕਬਜ਼ਿਆਂ ਦੀ ਜਾਂਚ ਦਾ ਕੰਮ ਆਖਰੀ ਪੜਾਅ 'ਤੇ ਹੈ ਤੇ ਬਹੁਤ ਜਲਦ ਹੀ ਦੋਸ਼ੀ ਸਲਾਖਾਂ ਪਿੱਛੇ ਹੋਣਗੇ | ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਚੌਧਰੀ ਸੁਨੀਲ ਕੁਮਾਰ ਜਾਖੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਬੋਹਰ ਦਾ ਵਿਕਾਸ ਹਮੇਸ਼ਾ ਕਾਂਗਰਸ ਦੇ ਰਾਜ ਸਮੇਂ ਹੀ ਹੋਇਆ ਹੈ, ਮੈਂ ਭਾਵੇਂ ਕਿਤੇ ਵੀ ਚਲਾ ਜਾਵਾਂ ਪਰ ਮੇਰਾ ਦਿਲ ਤਾਂ ਅਬੋਹਰ ਵਿਚ ਹੀ ਵਸਦਾ ਹੈ | ਉਨ੍ਹਾਂ ਕਿਹਾ ਕਿ ਅਬੋਹਰ ਦੀ ਦਸ਼ਾ ਸੁਧਾਰਨਾ ਮੇਰਾ ਮੁੱਢਲਾ ਫਰਜ ਹੈ | ਅਬੋਹਰ ਅਤੇ ਗੁਰਦਾਸਪੁਰ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਾਂਗਾ | ਇਕ ਸਵਾਲ ਦੇ ਜਵਾਬ ਵਿਚ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਦੇ ਰਾਸ਼ਟਰੀ ਰਾਜ ਮਾਰਗਾਂ 'ਤੇ ਆਰ.ਐਸ.ਐਸ ਦੀ ਸ਼ਾਜਿਸ਼ ਤਹਿਤ ਫਿਰਕੂ ਰੰਗਤ ਦੇਣ ਲਈ ਪੰਜਾਬੀ ਬੋਲੀ ਨੂੰ ਦਰਕਿਨਾਰ ਕੀਤਾ ਜਾ ਰਿਹਾ ਹੈ ਜਦਕਿ ਅਸੂਲ ਮੁਤਾਬਕ ਰਾਸ਼ਟਰੀ ਮਾਰਗ 'ਤੇ ਸੱਭ ਤੋਂ ਪਹਿਲਾ ਉਸ ਸੂਬੇ ਦੀ ਬੋਲੀ ਦੀ ਵਰਤੋਂ ਹੋਣੀ ਚਾਹੀਦੀ ਹੈ | ਇਸ ਮੌਕੇ ਮੰਤਰੀ ਸਿੱਧੂ ਦੇ ਸਲਾਹਕਾਰ ਅਮਰ ਸਿੰਘ, ਡਿਪਟੀ ਕਮਿਸ਼ਨਰ ਈਸ਼ਾ ਕਾਲੀਆ, ਐਸ.ਐਸ.ਪੀ ਕੇਤਲ ਪਾਟਿਲ, ਕੇ. ਪੀ. ਗੋਇਲ, ਐਸ.ਡੀ.ਐਮ ਪੂਨਮ ਸਿੰਘ, ਯੂਥ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੰਦੀਪ ਜਾਖੜ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਵਿਮਲ ਠੱਠਈ, ਅਬੋਹਰ ਬਲਾਕ ਦੇ ਪ੍ਰਧਾਨ ਸੁਧੀਰ ਨਾਗਪਾਲ ਆਦਿ ਹਾਜ਼ਰ ਸਨ |