ਹੁਣ ਵਿਸਾਖੀ, ਗੁਰੂ ਤੇਗ਼ ਬਹਾਦਰ, ਭਗਤ ਸਿੰਘ ਦੇ ਸ਼ਹੀਦੀ ਦਿਨਾਂ 'ਤੇ ਨਹੀਂ ਹੋਵੇਗੀ ਸਰਕਾਰੀ ਛੁੱਟੀ

ਖ਼ਬਰਾਂ, ਪੰਜਾਬ

ਮੋਹਾਲੀ, 28 ਦਸੰਬਰ (ਕੁਲਦੀਪ ਸਿੰਘ) : ਪੰਜਾਬ ਸਰਕਾਰ ਨੇ ਲੋਕਾਂ ਨੂੰ ਬਿਹਤਰ ਸੇਵਾਵਾਂ ਦੇਣ ਦੇ ਮਕਸਦ ਨਾਲ ਸਰਕਾਰੀ ਛੁੱਟੀਆਂ ਦੀ ਗਿਣਤੀ ਘਟਾ ਕੇ 37 ਤੋਂ 19 ਕਰ ਦਿਤੀ ਹੈ। ਇਸ ਫ਼ੈਸਲੇ ਤੋਂ ਜਿਥੇ ਆਮ ਲੋਕ ਖ਼ੁਸ਼ ਹਨ, ਉਥੇ ਵਿਰੋਧੀ ਧਿਰ sspਅਕਾਲੀ ਦਲ ਅਤੇ ਸਰਕਾਰੀ ਮੁਲਾਜ਼ਮ ਯੂਨੀਅਨਾਂ ਖ਼ਫ਼ਾ ਹਨ। ਉਂਜ ਸਰਕਾਰ ਨੇ ਕੁੱਝ ਰਾਹਤ ਦਿੰਦਿਆਂ ਰਾਖਵੀਆਂ ਛੁੱਟੀਆਂ ਲੈਣ ਦੀ ਗਿਣਤੀ ਵਿਚ ਵਾਧਾ ਕਰ ਕੇ 2 ਤੋਂ 5 ਕਰ ਦਿਤੀਆਂ ਹਨ। ਇਸੇ ਤਰ੍ਹਾਂ 15 ਧਾਰਮਕ ਦਿਹਾੜਿਆਂ ਵਿਚ ਸਜਾਏ ਜਾਣ ਵਾਲੇ ਨਗਰ ਕੀਰਤਨ ਜਾਂ ਸ਼ੋਭਾ ਯਾਤਰਾ ਵਿਚ ਸ਼ਾਮਲ ਹੋਣ ਲਈ 4 ਅੱਧੇ ਦਿਨ ਦੀਆਂ ਛੁੱਟੀਆਂ ਵੀ ਮੁਲਾਜ਼ਮ ਹੁਣ ਲੈ ਸਕਣਗੇ ਜੋ ਪਹਿਲਾਂ ਨਹੀਂ ਸੀ ਲੈ ਸਕਦੇ।ਸਰਕਾਰ ਵਲੋਂ ਜਾਰੀ ਕੀਤੇ ਗਏ ਨੋਟੀਫ਼ੀਕੇਸ਼ਨ ਵਿਚ ਪਹਿਲਾਂ ਦਿਤੀਆਂ ਜਾਂਦੀਆਂ 37 ਛੁੱਟੀਆਂ ਨੂੰ ਘਟਾ ਕੇ  19 ਕਰ ਦਿਤਾ ਹੈ ਭਾਵ 18 ਗਜ਼ਟਿਡ ਛੁੱਟੀਆਂ ਨੂੰ ਖ਼ਤਮ ਕਰ ਕੇ ਇਨ੍ਹਾਂ ਨੂੰ ਰਾਖਵੀਆਂ ਛੁੱਟੀਆਂ ਬਣਾ ਦਿਤਾ ਗਿਆ ਹੈ। ਜਿਹੜੀਆਂ ਛੁੱਟੀਆਂ ਖ਼ਤਮ ਕੀਤੀਆਂ ਗਈਆਂ ਹਨ, ਉਨ੍ਹਾਂ 'ਚ ਖ਼ਾਲਸਾ ਸਾਜਨਾ ਦਿਵਸ, ਵਿਸਾਖੀ, ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਦੀ ਛੁੱਟੀ ਸ਼ਾਮਲ ਹੈ। ਭਗਤ ਸਿੰਘ ਦੇ ਜਨਮ ਦਿਨ ਅਤੇ ਸ਼ਹੀਦੀ ਦਿਨ, ਊਧਮ ਸਿੰਘ ਦੇ ਸ਼ਹੀਦੀ ਦਿਨ, ਮਹਾਂਸ਼ਿਵਰਾਤਰੀ, 

ਪਰਸ਼ੂਰਾਮ ਜੈਅੰਤੀ, ਮਈ ਦਿਵਸ, ਈਦ-ਉਲ-ਜ਼ੂਹਾ ਦੇ ਦਿਨਾਂ ਦੀਆਂ ਸਰਕਾਰੀ ਛੁੱਟੀਆਂ ਵੀ ਖ਼ਤਮ ਕਰ ਦਿਤੀਆਂ ਗਈਆਂ ਹਨ। ਐਲਾਨੀਆਂ ਗਈਆਂ ਗਜ਼ਟਿਡ ਛੁੱਟੀਆਂ  ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਜਿਸ ਦੀ ਤਰੀਕ ਬਾਅਦ ਵਿਚ ਐਲਾਨੀ ਜਾਵੇਗੀ, 26 ਜਨਵਰੀ (ਗਣਤੰਤਰ ਦਿਵਸ), 31 ਜਨਵਰੀ (ਜਨਮ ਦਿਨ ਗੁਰੂ ਰਵਿਦਾਸ ਜੀ), 2 ਮਾਰਚ (ਹੋਲੀ), 25 ਮਾਰਚ (ਰਾਮ ਨੌਮੀ), 29 ਮਾਰਚ (ਮਹਾਂਵੀਰ ਜੈਅੰਤੀ), 30 ਮਾਰਚ (ਗੁੱਡ ਫਰਾਈਡੇ), 14 ਅਪ੍ਰੈਲ (ਡਾ: ਅੰਬੇਦਕਰ ਜੈਅੰਤੀ), 16 ਜੂਨ (ਈਦ ਉਲ ਫ਼ਿਤਰ), 17 ਜੂਨ (ਸ਼ਹੀਦੀ ਦਿਵਸ ਸ੍ਰੀ ਗੁਰੂ ਅਰਜਨ ਦੇਵ ਜੀ), 15 ਅਗਸਤ (ਅਜ਼ਾਦੀ ਦਿਵਸ), 3 ਸਤੰਬਰ  (ਜਨਮ ਅਸ਼ਟਮੀ), 2 ਅਕਤੂਬਰ (ਗਾਂਧੀ ਜੈਅੰਤੀ), 19 ਅਕਤੂਬਰ (ਦੁਸ਼ਹਿਰਾ), 24 ਅਕਤੂਬਰ (ਜਨਮ ਦਿਵਸ ਮਹਾਂਰਿਸ਼ੀ ਵਾਲਮੀਕਿ ਜੀ), 7 ਨਵੰਬਰ (ਦੀਵਾਲੀ), 23 ਨਵੰਬਰ (ਪ੍ਰਕਾਸ਼ ਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ) ਅਤੇ  25 ਦਸੰਬਰ (ਕ੍ਰਿਸਮਸ) ਆਦਿ ਸ਼ਾਮਲ ਹਨ।