ਹੁਸੈਨ ਸੱਤ ਮਹੀਨਿਆਂ ਬਾਅਦ ਸੁਧਾਰ ਘਰ 'ਚੋਂ ਰਿਹਾਅ

ਖ਼ਬਰਾਂ, ਪੰਜਾਬ

ਕੋਟਕਪੂਰਾ, ਫ਼ਰੀਦਕੋਟ, 1 ਜਨਵਰੀ (ਗੁਰਿੰਦਰ ਸਿੰਘ, ਬੀ.ਐਸ. ਢਿੱਲੋਂ) : ਪਿਛਲੇ ਕਰੀਬ 7 ਮਹੀਨਿਆਂ ਤੋਂ ਬਾਲ ਸੁਧਾਰ ਘਰ ਫ਼ਰੀਦਕੋਟ 'ਚ ਬੰਦ ਪਾਕਿਸਤਾਨੀ ਬੱਚੇ ਹੁਸੈਨ ਲਈ ਨਵਾਂ ਸਾਲ ਢੇਰ ਸਾਰੀਆਂ ਖ਼ੁਸ਼ੀਆਂ ਲੈ ਕੇ ਆਇਆ ਕਿਉਂਕਿ ਅੱਜ ਉਸ ਨੂੰ ਰਿਹਾਅ ਕਰ ਕੇ ਵਾਪਸ ਉਸ ਦੇ ਘਰ ਭੇਜਿਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 12 ਸਾਲਾ ਹੁਸੈਨ ਕਰੀਬ 7 ਮਹੀਨੇ ਪਹਿਲਾਂ ਬੀਐਸਐਫ਼ ਨੂੰ ਫ਼ਿਰੋਜ਼ਪੁਰਰ ਨੇੜੇ ਹਿੰਦ-ਪਾਕ ਸਰਹੱਦ ਤੋਂ ਮਿਲਿਆ ਸੀ, ਉਕਤ ਬੱਚਾ ਬੋਲਣ ਅਤੇ ਸੁਣਨ ਤੋਂ ਅਸਮਰੱਥ ਹੋਣ ਕਰ ਕੇ ਲੰਮਾ ਸਮਾਂ ਸੁਰੱਖਿਆ ਏਜੰਸੀਆਂ ਲਈ ਭੰਬਲਭੂਸੇ ਵਾਲਾ ਮਾਹੌਲ ਬਣਿਆ ਰਿਹਾ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਟਵੀਟ ਕਰ ਕੇ ਉਸ ਬੱਚੇ ਦੀ ਜਾਣਕਾਰੀ ਮੰਗੀ ਅਤੇ ਬਿਜਲਈ ਅਤੇ ਪ੍ਰਿੰਟ ਮੀਡੀਆ ਵਲੋਂ ਵੀ ਵਿਸ਼ੇਸ਼ ਤੌਰ 'ਤੇ ਖ਼ਬਰਾਂ ਰਾਹੀਂ ਬੱਚੇ ਦੀ ਵਤਨ ਵਾਪਸੀ ਦੀ ਪ੍ਰਕਿਰਿਆ 'ਚ ਅਹਿਮ ਰੋਲ ਨਿਭਾਇਆ ਗਿਆ।

ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਉਕਤ ਬੱਚਾ ਕਰੀਬ 7 ਮਹੀਨੇ ਪਹਿਲਾਂ ਹੁਸੈਨੀਵਾਲਾ ਸਰਹੱਦ ਤੋਂ ਮਿਲਿਆ ਸੀ। ਜਿਸ ਨੂੰ ਫ਼ਰੀਦਕੋਟ ਦੇ ਬਾਲ ਸੁਧਾਰ ਘਰ 'ਚ ਲਿਆਂਦਾ ਗਿਆ। ਉਨ੍ਹਾਂ ਦਸਿਆ ਕਿ ਉਕਤ ਬੱਚਾ ਬੋਲਣ ਅਤੇ ਸੁਣਨ ਤੋਂ ਅਸਮਰੱਥ ਹੋਣ ਦੀ ਵਜਾ ਕਰ ਕੇ ਅਪਣੀ ਪਛਾਣ ਨਹੀਂ ਦਸ ਸਕਦਾ ਸੀ ਪਰ ਮੀਡੀਆ ਅਤੇ ਸੋਸ਼ਲ ਮੀਡੀਏ ਰਾਹੀਂ ਖ਼ਬਰਾਂ ਫੈਲਣ ਤੋਂ ਬਾਅਦ ਉਕਤ ਬੱਚੇ ਦੇ ਮਾਪਿਆਂ ਨੇ ਉਸ ਨੂੰ ਪਛਾਣ ਲਿਆ, ਜੋ ਕਿ ਪਾਕਿਸਤਾਨ ਦੇ ਸ਼ਹਿਰ ਲਾਹੌਰ ਵਸਨੀਕ ਹਨ। ਉਨ੍ਹਾਂ ਦਸਿਆ ਕਿ ਇਸ ਮਾਮਲੇ 'ਚ ਸਾਰੀ ਕਾਗ਼ਜ਼ੀ ਕਾਰਵਾਈ ਮੁਕੰਮਲ ਹੋਣ 'ਤੇ ਅੱਜ ਹੀ ਉਸ ਨੂੰ ਵਾਪਸ ਭੇਜਣ ਦਾ ਹੁਕਮ ਆਇਆ ਹੈ, ਇਥੋਂ ਪੁਲਿਸ ਸੁਰੱਖਿਆ 'ਚ ਉਸ ਨੂੰ ਵਾਹਗਾ ਸਰਹੱਦ ਵਿਖੇ ਭੇਜਿਆ ਜਾਵੇਗਾ ਅਤੇ ਅਸੀਂ ਕਾਮਨਾ ਕਰਦੇ ਹਾਂ ਕਿ ਨਵੇਂ ਸਾਲ ਦੇ ਪਹਿਲੇ ਦਿਨ ਹੀ ਇਹ ਬੱਚਾ ਅਪਣੇ ਮਾਪਿਆਂ ਤਕ ਪਹੁੰਚ ਜਾਵੇ।