ਇੰਦਰਾ ਗਾਂਧੀ ਦਾ ਬੁੱਤ ਲਗਣਾ, ਮਤਲਬ ਸਿੱਖਾਂ ਦੇ ਜਖਮਾਂ 'ਤੇ ਲੂਣ: ਭਰੋਵਾਲ

ਖ਼ਬਰਾਂ, ਪੰਜਾਬ

ਸ੍ਰੀ ਖਡੂਰ ਸਾਹਿਬ, 28 ਅਕਤੂਬਰ (ਕੁਲਦੀਪ ਸਿੰਘ ਮਾਨ ਰਾਮਪੁਰ): ਕਾਂਗਰਸ ਸਰਕਾਰ ਜਦ ਵੀ ਸੱਤਾ ਵਿਚ ਆਉਂਦੀ ਹੈ ਤਾਂ ਅਜਿਹਾ ਕੋਈ ਨਾ ਕੋਈ ਕਾਰਾ ਜ਼ਰੂਰ ਕਰਦੀ ਹੈ ਕਿ ਜਿਸ ਨਾਲ ਸਿੱਖਾਂ ਦੇ ਦਿਲਾਂ ਵਿਚ 1984 ਦਾ ਖੰਜਰ ਯਾਦ ਰਹੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਸ. ਰਮਨਦੀਪ ਸਿੰਘ ਭਰੋਵਾਲ ਨੇ ਖਡੂਰ ਸਾਹਿਬ ਵਿਖੇ ਸਪੋਕਸਮੈਨ ਦੇ ਇਸ ਪ੍ਰਤੀਨਿਧ ਨਾਲ ਪ੍ਰੈੱਸ ਮਿਲਣੀ ਦੌਰਾਨ ਕੀਤਾ। ਸ. ਭਰੋਵਾਲ ਨੇ ਕਿਹਾ ਕਿ ਉਂਝ ਤਾਂ ਕਾਂਗਰਸ ਖ਼ੁਦ ਨੂੰ ਧਰਮ

 ਨਿਰਪੱਖ ਪਾਰਟੀ ਅਖਵਾਉਂਦੀ ਹੈ ਪਰ ਇਸ ਦੀ ਕੇਂਦਰੀ ਲੀਡਰਸ਼ਿਪ ਨੇ ਹਮੇਸ਼ਾ ਸਿੱਖਾਂ ਨਾਲ ਬੇਇਨਸਾਫ਼ੀ ਕੀਤੀ ਅਤੇ ਅੱਜ ਇਕ ਵਾਰ ਫਿਰ ਲੁਧਿਆਣੇ ਤੋਂ ਕਾਂਗਰਸੀ ਐਮ.ਪੀ ਰਵਨੀਤ ਸਿੰਘ ਬਿੱਟੂ ਅਪਣੇ ਕੇਂਦਰੀ ਆਕਾਵਾਂ ਨੂੰ ਖ਼ੁਸ਼ ਕਰਨ ਲਈ ਇੰਦਰਾ ਗਾਂਧੀ ਜਿਸ ਨੇ ਦਰਬਾਰ ਸਾਹਿਬ 'ਤੇ ਹਮਲਾ ਕਰਵਾ ਕੇ ਹਜ਼ਾਰਾਂ ਬੇਕਸ਼ੂਰ ਸਿੱਖ ਸ਼ਰਧਾਲੂਆਂ ਨੂੰ ਮਾਰ ਮੁਕਵਾਇਆ ਸੀ, ਉਸ ਨੂੰ ਆਇਰਨ ਲੇਡੀ ਦਾ ਖ਼ਿਤਾਬ ਦੇ ਕੇ ਉਸ ਦੇ ਬੁੱਤ ਦੀ ਸਥਾਪਤੀ 30 ਅਕਤੂਬਰ ਨੂੰ ਲੁਧਿਆਣਾ ਵਿਖੇ ਕਰਵਾਈ ਜਾ ਰਹੀ ਹੈ। ਇਸ ਦਾ ਮਤਲਬ ਹੈ ਕਿ ਜਿਸ ਰਾਜ ਵਿਚ ਇੰਦਰਾ ਗਾਂਧੀ ਨੇ ਸਿੱਖਾਂ ਦੇ ਗੁਰੂ ਘਰ ਢਾਹੇ ਅਤੇ ਘੋਰ ਜੁਲਮ ਕੀਤੇ, ਉਸ ਨੂੰ ਉਥੇ ਹੀਰੋ ਵਜੋਂ ਪੇਸ਼ ਕਰਨਾ ਹੈ।