ਖ਼ੁਦਕੁਸ਼ੀ ਦੀ ਧਮਕੀ ਦਿਤੀ, ਪੁਲਿਸ ਨੂੰ ਪਾਈਆਂ ਭਾਜੜਾਂ
ਮਾਲੇਰਕੋਟਲਾ, 21 ਫ਼ਰਵਰੀ (ਇਸਮਾਈਲ ਏਸ਼ੀਆ, ਬਲਵਿੰਦਰ ਸਿੰਘ ਭੁੱਲਰ) : ਨੇੜਲੇ ਪਿੰਡ ਕੁਠਾਲਾ ਦੇ ਹਰਬੰਸ ਸਿੰਘ ਨੇ ਸਥਾਨਕ ਸਬਜ਼ੀ ਮੰਡੀ ਨੇੜੇ ਮਾਰਕੀਟ ਕਮੇਟੀ ਦੀ ਪਾਣੀ ਦੀ ਟੈਂਕੀ 'ਤੇ ਚੜ੍ਹ ਕੇ ਆਤਮ-ਹਤਿਆ ਕਰਨ ਦੀ ਧਮਕੀ ਦਿਤੀ ਜਿਸ ਕਾਰਨ ਸਿਵਲ ਅਤੇ ਪੁਲਿਸ ਪ੍ਰਸਾਸ਼ਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਮੌਕੇ 'ਤੇ ਪੁਲਿਸ ਅਧਿਕਾਰੀ ਪਹੁੰਚੇ ਅਤੇ ਉਸ ਨੂੰ ਥੱਲੇ ਆਉਣ ਲਈ ਕਹਿਣ ਲੱਗੇ। ਹਰਬੰਸ ਸਿੰਘ ਦੀ ਪਤਨੀ ਨੇ ਕਿਹਾ ਕਿ 16 ਅਪ੍ਰੈਲ 2016 ਨੂੰ ਹਰਬੰਸ ਸਿੰਘ ਅਪਣੇ ਪੁੱਤਰ ਦਾ ਇਲਾਜ ਕਰਾਉਣ ਲਈ ਸਿਵਲ ਹਸਪਤਾਲ ਗਿਆ ਸੀ ਪਰ ਡਾਕਟਰ ਨੇ ਉਸ ਕੋਲੋਂ ਇਕ ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ। ਉਸ ਦੀ ਸ਼ਿਕਾਇਤ ਐਸਐਮਓ ਨੂੰ ਕੀਤੀ ਗਈ ਸੀ। ਸਰਬਜੀਤ ਕੌਰ ਮੁਤਾਬਕ ਜਦ ਉਸ ਦੇ ਪਤੀ ਨੂੰ ਸ਼ਿਕਾਇਤ ਦੇ ਨਿਪਟਾਰੇ ਲਈ ਮੁੜ ਹਸਪਤਾਲ ਬੁਲਾਇਆ ਗਿਆ ਤਾਂ ਡਾਕਟਰਾਂ ਤੇ ਹੋਰ ਅਮਲੇ ਨੇ ਉਸ ਦੀ ਕੁੱਟਮਾਰ ਕੀਤੀ। ਹਰਬੰਸ ਸਿੰਘ ਨੇ ਸਥਾਨਕ ਐਸ.ਡੀ.ਐਮ ਨੂੰ ਚੇਤਾਵਨੀ ਦਿਤੀ ਹੋਈ ਸੀ ਕਿ ਜੇ 20 ਫ਼ਰਵਰੀ ਤਕ ਇਨਸਾਫ਼ ਨਾ ਮਿਲਿਆ ਤਾਂ ਉਹ ਖ਼ੁਦਕੁਸ਼ੀ ਕਰ ਲਵੇਗਾ।
ਸਰਬਜੀਤ ਕੌਰ ਦਾ ਕਹਿਣਾ ਹੈ ਕਿ 20 ਫ਼ਰਵਰੀ ਨੂੰ ਐਸ.ਡੀ.ਐਮ ਡਾ. ਪ੍ਰੀਤੀ ਯਾਦਵ ਨੇ ਉਸ ਦੇ ਪਤੀ ਨੂੰ ਅਪਣੇ ਦਫ਼ਤਰ ਬੁਲਾ ਕੇ ਪੁਲਿਸ ਦੇ ਹਵਾਲੇ ਕਰ ਦਿਤਾ ਤੇ ਉਸ ਨੂੰ ਮਾਨਸਿਕ ਰੋਗੀ ਕਰਾਰ ਦੇ ਦਿਤਾ ਗਿਆ। ਉਸ ਨੇ ਦਾਅਵਾ ਕੀਤਾ ਕਿ ਉਸ ਦੇ ਪਤੀ ਨੇ ਕਲ ਸਵੇਰੇ ਡੀ.ਐਸ.ਪੀ ਨੂੰ ਟੈਂਕੀ ਤੋਂ ਕੁੱਦ ਕੇ ਆਤਮ ਹਤਿਆ ਕਰਨ ਦੀ ਧਮਕੀ ਦਿਤੀ ਸੀ ਜਿਸ ਕਾਰਨ ਉਹ ਅੱਜ ਇਨਸਾਫ਼ ਲੈਣ ਲਈ ਟੈਂਕੀ 'ਤੇ ਚੜ੍ਹਿਆ। ਉਸ ਨੇ ਕਿਹਾ ਕਿ ਉਸ ਦਾ ਪਤੀ ਮਾਨਸਿਕ ਰੋਗੀ ਨਹੀਂ ਹੈ। ਮੌਕੇ 'ਤੇ ਪੁੱਜੇ ਏ.ਡੀ.ਸੀ ਉਪਕਾਰ ਸਿੰਘ ਨੇ ਕਿਹਾ ਕਿ ਉਕਤ ਵਿਅਕਤੀ ਦੀਆਂ ਸ਼ਿਕਾਇਤਾਂ ਨੂੰ ਗੰਭੀਰਤਾਂ ਨਾਲ ਵਿਚਾਰਦਿਆਂ ਹੱਲ ਕੀਤਾ ਜਾਵੇਗਾ। ਡਾਕਟਰ ਆਦਰਸ਼ ਗੋਇਲ ਨੇ ਅਪਣੇ ਵਿਰੁਧ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਹਰਬੰਸ ਸਿੰਘ ਅਪਣੇ ਪੁੱਤਰ ਦੀ ਪਿਸ਼ਾਬ ਦੀ ਸਮੱਸਿਆ ਦੇ ਇਲਾਜ ਲਈ ਆਇਆ ਸੀ ਤੇ ਉਨ੍ਹਾਂ ਜ਼ਰੂਰੀ ਆਪ੍ਰੇਸ਼ਨ ਦੀ ਸਰਕਾਰੀ ਫ਼ੀਸ ਜਮ੍ਹਾਂ ਕਰਾਉਣ ਲਈ ਕਿਹਾ ਸੀ ਪਰ ਉਹ ਫ਼ੀਸ ਜਮ੍ਹਾਂ ਕਰਵਾਏ ਬਿਨਾਂ ਅਪਣੇ ਪੁੱਤਰ ਨੂੰ ਵਾਪਸ ਲੈ ਗਿਆ। ਪ੍ਰਸ਼ਾਸਨ ਨੇ ਚੌਕਸੀ ਵਰਤਦਿਆਂ ਅਹਿਮ ਥਾਵਾਂ 'ਤੇ ਅੱਜ ਸਵੇਰੇ ਹੀ ਪੁਲਿਸ ਮੁਲਾਜ਼ਮ ਤਾਇਨਾਤ ਕਰ ਦਿਤੇ ਸਨ ਪਰ ਹਰਬੰਸ ਸਿੰਘ ਪੁਲਿਸ ਨੂੰ ਝਾਂਸਾ ਦੇ ਕੇ ਸਵੇਰੇ ਕਰੀਬ ਸੱਤ ਵਜੇ ਟੈਂਕੀ 'ਤੇ ਜਾ ਚੜ੍ਹਿਆ ਅਤੇ ਦੁਪਿਹਰ ਢਾਈ ਵਜੇ ਥੱਲੇ ਉਤਰਿਆ।