ਚੰਡੀਗੜ੍ਹ, 9 ਫ਼ਰਵਰੀ (ਜੀ.ਸੀ. ਭਾਰਦਵਾਜ): ਪੰਜਾਬ ਵਿਚ ਸਰਕਾਰ ਕਿਸੇ ਵੀ ਪਾਰਟੀ ਦੀ ਆਵੇ, ਭ੍ਰਿਸ਼ਟ ਤੇ ਬੇਈਮਾਨੀ ਸਰਕਾਰੀ ਅਧਿਕਾਰੀਆਂ ਅਤੇ ਗੁੰਡਾ ਅਨਸਰਾਂ ਨੂੰ ਸ਼ਹਿ ਮਿਲ ਹੀ ਜਾਂਦੀ ਹੈ। ਜਦ ਸਰਕਾਰੀ ਬਦਲਦੀ ਹੈ ਤਾਂ ਇਹ ਦੋਸ਼ੀ ਅਤੇ ਗ਼ੈਰ ਕਾਨੂੰਨੀ ਢੰਗ ਨਾਲ ਕੰਮ ਕਰਨ ਵਾਲੇ ਸਿਵਲ ਤੇ ਪੁਲਿਸ ਕਰਮਚਾਰੀ ਅਤੇ ਅਫ਼ਸਰ ਅਪਣਾ ਜੁਗਾੜ ਲਾ ਲੈਂਦੇ ਹਨ। ਅੱਜ ਇਥੇ ਪ੍ਰੈੱਸ ਕਲੱਬ ਵਿਚ ਪੰਜਾਬ ਦੇ ਪੰਚਾਇਤੀ ਸਕੱਤਰ ਯੂਨੀਅਨ ਦੇ ਪ੍ਰਧਾਨ ਸੁਖਪਾਲ ਸਿੰਘ ਗਿੱਲ ਅਤੇ ਦਿਲਬਾਗ ਸਿੰਘ ਪ੍ਰਧਾਨ ਸਰਪੰਚ ਯੂਨੀਅਨ ਨੇ ਅਪਣੇ ਇਕ ਕਾਨੂੰਨਦਾਨ ਦੀ ਮਦਦ ਨਾਲ ਪ੍ਰੈੱਸ ਕਾਨਫ਼ਰੰਸ ਵਿਚ ਦਸਿਆ ਕਿ ਧਨਵੰਤ ਸਿੰਘ ਰੰਧਾਵਾ ਨਾਂਅ ਦਾ ਬੀਡੀਪੀਓ ਇਕ ਇਸ਼ਤਿਹਾਰੀ ਮੁਜ਼ਰਮ ਹੈ, ਅਦਾਲਤ ਨੇ ਅੱਠ ਸਾਲ ਪਹਿਲਾਂ ਉਸ ਨੂੰ ਅੰਮ੍ਰਿਤਸਰ ਜ਼ਿਲ੍ਹੇ ਵਿਚ ਤਰਸਿੱਕਾ ਬਲਾਕ ਵਿਚ ਕੀਤੇ ਜ਼ਮੀਨ ਦੇ 4275000 ਰੁਪਏ ਦੇ ਘਪਲੇ, ਗਬਨ ਵਿਚ ਭਗੌੜਾ ਕਰਾਰ ਦਿਤਾ ਹੋਇਆ ਹੈ। ਇਸ ਕੇਸ ਵਿਚ ਨਾ ਕੋਹੀ ਸਟੇਅ ਮਿਲੀ ਹੈ, ਨਾ ਹੀ ਕੋਈ ਜ਼ਮਾਨਤ ਹੈ ਪਰ ਫਿਰ ਵੀ ਇਹ ਭਗੌੜਾ ਕਰਾਰ ਦਿਤਾ ਵਿਅਕਤੀ, ਗਜ਼ਟਿਡ ਪੋਸਟ 'ਤੇ ਖੰਨਾ ਵਿਚ ਤੈਨਾਤ ਹੈ। ਸੁਖਪਾਲ ਸਿੰਘ ਤੇ ਦਿਲਬਾਗ ਸਿੰਘ ਨੇ ਦਸਿਆ ਕਿ ਉਹ ਅਕਾਲੀ ਸਰਕਾਰ ਵੇਲੇ ਮੰਤਰੀ ਗੁਰਜੀਤ ਸਿੰਘ, ਸਿਕੰਦਰ ਸਿੰਘ ਮਲੂਕਾ, ਸ਼ਰਨਜੀਤ ਢਿੱਲੋਂ ਅਤੇ ਡੀਜੀਪੀ ਵਿਜੀਲੈਂਸ ਸੁਰੇਸ਼ ਅਰੋੜਾ ਨੂੰ ਵੀ ਮਿਲੇ ਸਨ, ਕੋਈ ਐਕਸ਼ਨ ਨਹੀਂ ਹੋਇਆ। ਹੁਣ ਵੀ ਕਾਂਗਰਸ ਸਰਕਾਰ ਹੈ, ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ। ਵਿਜੀਲੈਂਸ ਵਿਭਾਗ, ਪੁਲਿਸ ਐਫ਼ਆਈਆਰ, ਅਦਾਲਤੀ ਹੁਕਮਾਂ ਦੇ ਜਾਰੀ ਕੀਤੇ ਦਸਤਾਵੇਜ਼ ਵਿਖਾਉਂਦੇ ਹੋਏ ਸੁਖਪਾਲ ਤੇ ਦਿਲਬਾਗ ਸਿੰਘ ਨੇ ਕਿਹਾ ਕਿ ਉਨ੍ਹਾਂ ਹਾਈ ਕੋਰਟ ਵਿਚ ਵੀ ਕੇਸ ਦਰਜ ਕੀਤਾ ਹੈ, ਅਜੇ ਤਰੀਕ ਨਹੀਂ ਮਿਲੀ।