ਚੋਣ ਪ੍ਰਚਾਰ ਦੇ ਆਖ਼ਰੀ ਦਿਨ ਕੈਪਟਨ ਅਮਰਿੰਦਰ ਸਿੰਘ ਦੇ ਰੋਡ ਸ਼ੋਅ ਦੌਰਾਨ ਹਲਕਾ ਵਾਸੀਆਂ ਵਲੋਂ ਸ਼ਾਨਦਾਰ ਹੁੰਗਾਰਾ
ਗੁਰਦਾਸਪੁਰ, 9 ਅਕਤੂਬਰ (ਹੇਮੰਤ ਨੰਦਾ) : ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਪ੍ਰਚਾਰ ਦੇ ਆਖ਼ਰੀ ਦਿਨ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰੋਡ ਸ਼ੋਅ ਨੂੰ ਮਿਲੇ ਵੱਡੇ ਹੁੰਗਾਰੇ ਤੋਂ ਉਤਸ਼ਾਹਤ ਹੁੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਇਸ ਜ਼ਿਮਨੀ ਚੋਣ ਨੂੰ ਇਤਿਹਾਸਕ ਫ਼ਤਵੇ ਨਾਲ ਜਿੱਤਣ ਦਾ ਭਰੋਸਾ ਪ੍ਰਗਟ ਕੀਤਾ।ਪੱਤਰਕਾਰਾਂ ਨਾਲ ਗ਼ੈਰ-ਰਸਮੀ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਆਖਿਆ ਕਿ ਅਸੀਂ ਇਹ ਸੀਟ ਦੋ ਲੱਖ ਤੋਂ ਵੱਧ ਦੇ ਫ਼ਰਕ ਨਾਲ ਜਿੱਤਾਂਗੇ। ਮੁੱਖ ਮੰਤਰੀ ਨਾਲ ਪਾਰਟੀ ਦੇ ਉਮੀਦਵਾਰ ਸੁਨੀਲ ਜਾਖੜ, ਕਾਂਗਰਸ ਦੇ ਕੌਮੀ ਜਨਰਲ ਸਕੱਤਰ ਆਸ਼ਾ ਕੁਮਾਰੀ ਤੇ ਹਰੀਸ਼ ਚੌਧਰੀ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੀ ਹਾਜ਼ਰ ਸਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਨਾ ਸਿਰਫ਼ ਅਪਣੇ ਬਹੁਤੇ ਚੋਣ ਵਾਅਦਿਆਂ ਨੂੰ ਲਾਗੂ ਕਰ ਦਿਤਾ ਹੈ ਸਗੋਂ ਸੰਕਟ ਨਾਲ ਜੂਝ ਰਹੇ ਸੂਬੇ ਦੇ ਅਰਥਚਾਰੇ ਨੂੰ ਮੁੜ ਲੀਹ 'ਤੇ ਲਿਆਉਣ ਦਾ ਮੁੱਢ ਵੀ ਬੰਨ੍ਹ ਦਿਤਾ ਹੈ।ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਵੇਂ ਸਮਾਜ ਭਲਾਈ ਸਕੀਮਾਂ ਅਧੀਨ ਪੈਨਸ਼ਨ ਵਧਾਉਣ ਦਾ ਵਾਅਦਾ ਹੋਵੇ ਜਾਂ ਨੌਕਰੀਆਂ ਦੇਣ ਦਾ ਵਾਅਦਾ ਹੋਵੇ, ਹਰ ਇਕ ਚੋਣ ਵਾਅਦਾ ਅਮਲ ਵਿਚ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਪਿਛਲੀ ਅਕਾਲੀ-ਭਾਜਪਾ ਸਰਕਾਰ ਦੀ 10 ਸਾਲ ਲੰਮੀ ਲੁੱਟ-ਖਸੁੱਟ ਦੀ ਵਿਰਾਸਤ ਨੂੰ ਛੇ ਮਹੀਨਿਆਂ ਜਿਹੇ ਘੱਟ ਸਮੇਂ ਵਿਚ ਮਿਟਾਇਆ ਨਹੀਂ ਜਾ ਸਕਦਾ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੌਜਵਾਨਾਂ ਨੂੰ ਸਮਾਰਟ ਫ਼ੋਨ ਮੁਹਈਆ ਕਰਾਉਣ ਦੇ ਵਾਅਦੇ ਨੂੰ ਲਾਗੂ ਕਰਨ ਲਈ ਯੋਜਨਾ ਬਣਾ ਰਹੀ ਹੈ।
ਚੋਣ ਪ੍ਰਚਾਰ ਦੇ ਆਖ਼ਰੀ ਦਿਨ ਕੈਪਟਨ ਅਮਰਿੰਦਰ ਸਿੰਘ ਦੇ ਰੋਡ ਸ਼ੋਅ ਦੌਰਾਨ ਹਲਕਾ ਵਾਸੀਆਂ ਵਲੋਂ ਸ਼ਾਨਦਾਰ ਹੁੰਗਾਰਾਚੋਣ ਪ੍ਰਚਾਰ ਦੇ ਆਖ਼ਰੀ ਦਿਨ ਕੈਪਟਨ ਅਮਰਿੰਦਰ ਸਿੰਘ ਦੇ ਰੋਡ ਸ਼ੋਅ ਦੌਰਾਨ ਹਲਕਾ ਵਾਸੀਆਂ ਵਲੋਂ ਸ਼ਾਨਦਾਰ ਹੁੰਗਾਰਾ