ਬਠਿੰਡਾ,
24 ਸਤੰਬਰ (ਸੁਖਜਿੰਦਰ ਮਾਨ): ਆਗਾਮੀ 11 ਅਕਤੂਬਰ ਨੂੰ ਗੁਰਦਾਸਪੁਰ ਉਪ ਚੋਣ 'ਚ ਕਾਂਗਰਸ
ਪਾਰਟੀ ਦੀ ਇਤਿਹਾਸਕ ਜਿੱਤ ਦੀ ਭਵਿੱਖਬਾਣੀ ਕਰਦਿਆਂ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ
ਸਿੰਘ ਬਾਦਲ ਨੇ ਪਾਰਟੀ ਵਿਚ ਕੋਈ ਗੁੱਟਬੰਦੀ ਨਾ ਹੋਣ ਦਾਅਵਾ ਕਰਦਿਆਂ ਕਿਹਾ ਕਿ ਸੁਨੀਲ
ਜਾਖੜ ਦੀ ਸਾਫ਼ ਦਿੱਖ ਅਤੇ ਕੈਪਟਨ ਸਾਹਿਬ ਦੀ ਕ੍ਰਿਸ਼ਮਈ ਸ਼ਖ਼ਸੀਅਤ ਪਾਰਟੀ ਨੂੰ ਸਫ਼ਲਤਾ
ਦਿਵਾਏਗੀ।
ਅੱਜ ਸਥਾਨਕ ਪੰਚਾਇਤ ਭਵਨ 'ਚ ਅਪਣੇ ਦਫ਼ਤਰ ਦਾ ਉਦਘਾਟਨ ਕਰਨ ਮੌਕੇ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ
ਸਿੰੰਘ ਦੀ ਸੂਬੇ ਦੇ ਲੋਕਾਂ ਵਿਚ ਮਕਬੂਲੀਅਤ ਹਾਲੇ ਬਰਕਰਾਰ ਹੈ ਤੇ ਲੋਕ ਉਨ੍ਹਾਂ ਨੂੰ
ਪਿਆਰ ਕਰਦੇ ਹਨ, ਜਿਸ ਦੇ ਚੱਲਦੇ ਇਹ ਪਿਆਰ ਪਹਿਲਾਂ ਦੀ ਤਰ੍ਹਾਂ ਵੋਟਾਂ ਵਿਚ ਬਦਲ ਕੇ
ਪਾਰਟੀ ਨੂੰ ਜਿੱਤ ਦਿਵਾਉਣ ਵਿਚ ਸਹਾਈ ਹੋਵੇਗਾ।
ਕਿਸਾਨਾਂ ਦੀ ਕਰਜ਼ਾ ਮੁਆਫ਼ੀ ਦੇ
ਮੁੱਦੇ 'ਤੇ ਉਨ੍ਹਾਂ ਕਿਹਾ ਕਿ ਕੈਬਨਿਟ ਵਿਚ ਏਜੰਡੇ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਹੁਣ
ਇਸ ਨੂੰ ਮਨਜ਼ੂਰੀ ਲਈ ਚੋਣ ਕਮਿਸ਼ਨ ਕੋਲ ਭੇਜਿਆ ਹੋਇਆ ਹੈ ਤੇ ਜਦ ਹੀ ਕਮਿਸ਼ਨ ਵਲੋਂ ਮਨਜ਼ੂਰੀ
ਮਿਲਦੀ ਹੈ, ਤੁਰਤ ਇਸ ਦਾ ਨੋਟੀਫ਼ੀਕੇਸ਼ਨ ਜਾਰੀ ਕਰ ਦਿਤਾ ਜਾਵੇਗਾ।
ਬੀਤੇ ਦਿਨੀਂ
ਕਿਸਾਨਾਂ ਨੂੰ ਇਕ ਡੰਗ ਰੋਟੀ ਖਾਣ ਸਬੰਧੀ ਦਿਤੀ ਸਲਾਹ ਦੀ ਵਿਰੋਧੀ ਪਾਰਟੀਆਂ ਵਲੋਂ
ਨਿਖੇਧੀ ਕਰਨ 'ਤੇ ਟਿਪਣੀ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਉਨ੍ਹਾਂ ਵਲੋਂ ਜਿਸ ਪ੍ਰਸੰਗ
ਵਿਚ ਇਹ ਬਿਆਨ ਦਿਤਾ ਗਿਆ ਸੀ, ਉਸ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕਰਨ ਦੀ ਕੋਸ਼ਿਸ ਕੀਤੀ ਹੈ।
ਸੂਬੇ 'ਚ ਕਾਂਗਰਸੀ ਵਰਕਰਾਂ ਨਾਲ ਹੋਈਆਂ ਧੱਕੇਸ਼ਾਹੀਆਂ ਦੇ ਮੁੱਦੇ 'ਤੇ ਮਨਪ੍ਰੀਤ ਨੇ
ਦਾਅਵਾ ਕੀਤਾ ਕਿ ਉਨ੍ਹਾਂ ਦੀ ਕੋਸ਼ਿਸ ਇਨ੍ਹਾਂ ਕਾਂਗਰਸੀਆਂ ਦੇ ਅੱਥਰੂ ਪੂੰਝਣ ਦੀ ਹੈ ਤੇ
ਇਸਲਈ ਸਰਕਾਰ ਵਲੋਂ ਜਸਟਿਸ ਗਿੱਲ ਦੀ ਅਗਵਾਈ 'ਚ ਇਕ ਕਮਿਸ਼ਨ ਦਾ ਵੀ ਗਠਨ ਕੀਤਾ ਹੈ, ਜਿਹੜਾ
ਗ਼ਲਤ ਪਰਚਿਆਂ ਨੂੰ ਰੱਦ ਕਰਨ ਤੋਂ ਇਲਾਵਾ ਜ਼ਿੰਮੇਵਾਰ ਅਫ਼ਸਰਾਂ ਤੇ ਮੁਲਾਜ਼ਮਾਂ ਨੂੰ ਹਰਜਾਨੇ
ਪਾਉਣ ਤੇ ਬਦਲੀਆਂ ਕਰਨ ਦੇ ਆਦੇਸ਼ ਜਾਰੀ ਕਰ ਰਿਹਾ।
ਸਾਬਕਾ ਮੁੱਖ ਮੰਤਰੀ ਬੀਬੀ
ਰਜਿੰਦਰ ਕੌਰ ਭੱਠਲ ਦੇ ਸਰਕਾਰੀ ਮਕਾਨ ਦੇ 84 ਲੱਖ ਮੁਆਫ਼ ਕਰਨ ਦੇ ਮੁੱਦੇ ਉਪਰ ਵਿੱਤ
ਮੰਤਰੀ ਨੇ ਕਿਹਾ ਕਿ ਸਰਕਾਰ ਨੇ ਕਾਨੂੰਨ ਦੇ ਦਾਈਰੇ ਵਿਚ ਰਹਿ ਕੇ ਹੀ ਸੱਭ ਕੁੱਝ ਕੀਤਾ
ਹੈ। ਸੂਬੇ 'ਚ ਕਾਂਗਰਸ ਸਰਕਾਰ ਬਣਨ ਦੇ 6 ਮਹੀਨਿਆਂ ਬਾਅਦ ਵੀ ਪ੍ਰਾਈਵੇਟ ਟਰਾਂਸਪੋਰਟ ਤੇ
ਖ਼ਾਸਕਰ ਬਾਦਲ ਪਵਾਰ ਦੀ ਮਾਲਕੀ ਵਾਲੀ ਬੱਸ ਸਰਵਿਸ ਦੀ ਚੜ੍ਹਤ ਸਬੰਧੀ ਪੁੱਛੇ ਜਾਣ 'ਤੇ
ਮਨਪ੍ਰੀਤ ਨੇ ਦਾਅਵਾ ਕੀਤਾ ਕਿ ਇਕ ਵਾਰ ਟਰਾਂਸਪੋਰਟ ਪਾਲਿਸੀ ਦਾ ਨੋਟੀਫ਼ੀਕੇਸ਼ਨ ਹੋ ਜਾਣ
ਤੋਂ ਬਾਅਦ ਆਰਬਿਟ ਦਾ ਨਾਮੋ-ਨਿਸ਼ਾਨ ਮਿਟ ਜਾਵੇਗਾ।
ਉਨ੍ਹਾਂ ਬਠਿੰਡਾ ਸ਼ਹਿਰ ਦੇ
ਉਦਯੋਗਿਕ ਵਿਕਾਸ ਲਈ ਆਗਾਮੀ 28 ਅਕਤੂਬਰ ਨੂੰ 28 ਵੱਡੇ ਉਦਯੋਗਪਤੀਆਂ ਦੇ ਸੈਮੀਨਾਰ ਕਰਵਾਏ
ਜਾਣ ਦੀ ਸੂਚਨਾ ਦਿੰਦਿਆਂ ਦਾਅਵਾ ਕੀਤਾ ਕਿ ਇਸ ਨਾਲ ਨਾ ਸਿਰਫ਼ ਆਸਪਾਸ ਦੇ ਇਲਾਕੇ ਦੇ
ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗੀ, ਬਲਕਿ ਉਦਮੀਆਂ ਨੂੰ ਅਪਣੇ ਕੰਮ ਸ਼ੁਰੂ ਕਰਨ ਵਿਚ ਮਦਦ ਵੀ
ਮਿਲੇਗੀ। ਬਠਿੰਡਾ ਦੇ ਕਚਰਾ ਪਲਾਂਟ ਨੂੰ ਤਬਦੀਲ ਕਰਨ ਦੇ ਮੁੱਦੇ 'ਤੇ ਉਨ੍ਹਾਂ ਦਾਅਵਾ
ਕੀਤਾ ਕਿ ਇਹ ਮਸਲਾ ਕੇਂਦਰੀ ਗ੍ਰੀਨ ਟ੍ਰਿਊਬਿਊਨਲ ਕੋਲ ਚੱਲ ਰਿਹਾ ਹੈ, ਪ੍ਰੰਤੂ ਸਰਕਾਰ
ਵਲੋਂ ਬਠਿੰਡਾ ਸਹਿਤ ਸੂਬੇ ਦੇ ਪੰਜ ਮਹਾਨਗਰਾਂ ਦੇ ਕਚਰਾ ਪਲਾਂਟ ਨੂੰ ਬਾਹਰ ਤਬਦੀਲ ਕਰਨ
ਲਈ ਕਾਰਵਾਈ ਸ਼ੁਰੂ ਕੀਤੀ ਹੋਈ ਹੈ।
ਇਸ ਤੋਂ ਪਹਿਲਾਂ ਕਾਂਗਰਸੀਆਂ ਦੇ ਵੱਡੇ ਇਕੱਠ ਨੂੰ
ਸੰਬੋਧਨ ਕਰਦਿਆਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਉਨ੍ਹਾਂ ਦੇ
ਦਫ਼ਤਰ ਵਿਚ ਇਲਾਕੇ ਦੇ ਲੋਕਾਂ ਦੀਆਂ ਹਰ ਮੁਸ਼ਕਲਾਂ ਦਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਹਰ ਸਨਿਚਰਵਾਰ ਤੇ ਐਤਵਾਰ ਉਹ ਇਸ ਦਫ਼ਤਰ ਵਿਚ ਖ਼ੁਦ
ਮਿਲਣਗੇ ਜਦਕਿ ਬਾਕੀ ਦਿਨ ਉਨ੍ਹਾਂ ਦੇ ਪਰਵਾਰਕ ਮੈਂਬਰਾਂ ਤੋਂ ਇਲਾਵਾ ਕਾਂਗਰਸ ਪਾਰਟੀ ਦੇ
ਵੱਡੇ ਆਗੂ ਬਦਲ ਕੇ ਇਥੇ ਬੈਠਿਆ ਕਰਨਗੇ।
ਇਸ ਮੌਕੇ ਉਨ੍ਹਾਂ ਨਾਲ ਸਾਬਕਾ ਐਮ.ਪੀ
ਗੁਰਦਾਸ ਸਿੰਘ ਬਾਦਲ, ਜੈਜੀਤ ਸਿੰਘ ਜੋਹਲ, ਸ਼ਹਿਰੀ ਪ੍ਰਧਾਨ ਮੋਹਨ ਝੂੰਬਾ, ਰਾਜਨ ਗਰਗ,
ਅਰੁਣ ਵਧਾਵਨ, ਕੇ.ਕੇ.ਅਗਰਵਾਲ, ਅਸੋਕ ਪ੍ਰਧਾਨ, ਪਿਰਥੀ ਸਿੰਘ ਜਲਾਲ, ਭੁਪਿੰਦਰ ਸਿੰਘ
ਪਿੱਥੋ, ਬਲਰਾਜ ਸਿੰਘ ਸਰਾਂ, ਚਮਕੌਰ ਮਾਨ, ਟਹਿਲ ਸਿੰਘ ਸੰਧੂ, ਹਰਪਾਲ ਸਿੰਘ ਬਾਜਵਾ,
ਰਤਨ ਰਾਹੀ ਆਦਿ ਆਗੂ ਵੀ ਹਾਜ਼ਰ ਸਨ।