ਜਾਖੜ ਲੋਕ ਸਭਾ ਵਿਚ ਜਾ ਕੇ ਸਰਹੱਦੀ ਇਲਾਕੇ ਦੇ ਮਸਲੇ ਹੱਲ ਕਰਵਾਉਣਗੇ : ਰਾਜਾ ਵੜਿੰਗ

ਖ਼ਬਰਾਂ, ਪੰਜਾਬ

ਬਟਾਲਾ, 6 ਅਕਤੂਬਰ (ਡਾ.ਹਰਪਾਲ ਸਿੰਘ ਬਟਾਲਵੀ):  ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਅਤੇ ਗਿੱਦੜਬਾਹਾ ਵਿਧਾਨ ਸਭਾ ਹਲਕੇ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵਿਧਾਨ ਸਭਾ ਹਲਕਾ ਫ਼ਤਹਿਗੜ੍ਹ ਚੂੜੀਆਂ ਵਿਚ ਲਗਾਤਾਰ ਦੂਜੇ ਦਿਨ ਅੱਜ ਪਾਰਟੀ ਉਮੀਦਵਾਰ ਸੁਨੀਲ ਜਾਖੜ ਦੇ ਹੱਕ ਵਿਚ ਚੋਣ ਪ੍ਰਚਾਰ ਕਰਦਿਆਂ ਕਿਹਾ ਕਿ ਸੁਨੀਲ ਜਾਖੜ ਲੋਕ ਸਭਾ ਵਿਚ ਜਾ ਕੇ ਪੰਜਾਬ ਖ਼ਾਸ ਕਰ ਕੇ ਸਰਹੱਦੀ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਜ਼ੋਰਦਾਰ ਢੰਗ ਨਾਲ ਉਠਾ ਕੇ ਹੱਲ ਕਰਾਉਣਗੇ। ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਦੀ ਜਿੱਤ ਇਸ ਸਰਹੱਦੀ ਇਲਾਕੇ ਦੇ ਸਰਬਪੱਖੀ ਵਿਕਾਸ ਦੇ ਦਰਵਾਜ਼ੇ ਖੋਲ੍ਹੇਗੀ।
ਉਨ੍ਹਾਂ ਇਹ ਵਿਚਾਰ ਅੱਜ ਹਲਕਾ ਫ਼ਤਿਹਗੜ੍ਹ ਚੂੜੀਆਂ ਦੇ ਪਿੰਡ ਸਾਰਚੂਰ ਵਿਚ ਮੇਲੇ ਮੌਕੇ ਲੱਗੀ ਸਟੇਜ ਉੱਤੋਂ ਲੋਕਾਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ।
ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਨੀਲ ਜਾਖੜ ਇਕ ਸੁਲਝੇ ਹੋਏ ਅਤੇ ਤਜਰਬੇਕਾਰ ਸਿਆਸਤਦਾਨ ਹੋਣ ਦੇ ਨਾਲ-ਨਾਲ ਇਕ ਪ੍ਰਭਾਵਸ਼ਾਲੀ ਬੁਲਾਰੇ ਹਨ ਜੋ ਲੋਕ ਸਭਾ ਵਿਚ ਜਾ ਕੇ ਇਸ ਹਲਕੇ ਦੀ ਜ਼ੋਰਦਾਰ ਢੰਗ ਨਾਲ ਵਕਾਲਤ ਕਰਨਗੇ।
ਹਲਕੇ ਦੇ ਵਿਧਾਇਕ ਅਤੇ ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਇਸ ਚੋਣ ਵਿਚ ਕਾਂਗਰਸ ਦੇ ਹੱਕ ਵਿਚ ਵੋਟ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਵਿਚ ਬਣੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੀ ਸੱਚੇ ਅਰਥਾਂ ਵਿਚ ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ ਅਤੇ ਵਪਾਰੀਆਂ ਦੀ ਸੱਚੀ ਹਮਦਰਦ ਹੈ। ਇਨ੍ਹਾਂ ਚੋਣ ਰੈਲੀਆਂ ਨੂੰ ਹੋਰਨਾਂ ਤੋਂ ਇਲਾਵਾ ਬਲਾਕ ਕਾਂਗਰਸ ਪ੍ਰਧਾਨ ਬਲਵਿੰਰ ਸਿੰਘ ਭਾਲੋਵਾਲੀ, ਲੋਕ ਗਾਇਕ ਸਵਿੰਦਰ ਸਿੰਘ ਭਾਗੋਵਾਲੀਆ, ਸਾਬਕਾ ਸਰਪੰਚ ਜੋਗਿੰਦਰ ਸਿੰਘ, ਮਾਸਟਰ ਕੁਲਦੀਪ ਸਿੰਘ, ਹਰਭਜਨ ਸਿੰਘ, ਚੰਦਰ ਮੋਹਨ, ਸੁਰਜੀਤ ਸਿੰਘ ਬਾਜਵਾ ਨੇ ਵੀ ਸੰਬੋਧਨ ਕੀਤਾ।