ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਾਂ ਨੇ ਲਾਇਆ ਧਰਨਾ

ਖ਼ਬਰਾਂ, ਪੰਜਾਬ

ਪਟਿਆਲਾ, 26 ਫ਼ਰਵਰੀ (ਬਲਵਿੰਦਰ ਸਿੰਘ ਭੁੱਲਰ) : ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਹੈੱਡ ਆਫ਼ਿਸ ਧਨੇਠਾ ਵਲੋਂ ਅਪਣੀਆਂ ਮੰਗਾਂ ਨੂੰ ਲੈ ਕੇ ਵਿਭਾਗ ਦੇ ਮੁੱਖ ਦਫ਼ਤਰ, ਪਟਿਆਲਾ ਵਿਖੇ ਸੂਬਾ ਪਧਰੀ ਧਰਨਾ ਅਤੇ ਰੋਸ ਰੈਲੀ ਵਰਿੰਦਰ ਸਿੰਘ ਮੋਮੀ ਸੂਬਾ ਪ੍ਰਧਾਨ, ਕੁਲਦੀਪ ਸਿੰਘ ਬੁਢੇਵਾਲ ਸੂਬਾ ਜਨਰਲ ਸਕੱਤਰ ਅਤੇ ਸੋਰਵ ਕਿੰਗਰ ਸਬ ਕਮੇਟੀ/ਦਫ਼ਤਰੀ ਸਟਾਫ਼ ਪ੍ਰਧਾਨ ਦੀ ਅਗਵਾਈ ਵਿੱਚ ਕੀਤਾ ਗਿਆ ਜਿਸ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚੋਂ ਵਰਕਰ ਪਰਵਾਰਾਂ ਅਤੇ ਬੱਚਿਆਂ ਸਮੇਤ ਬੰਸਤੀ ਰੰਗ ਵਿਚ ਸੱਜ ਕੇ ਵੱਧ ਚੜ੍ਹ੍ਹ ਕੇ ਸ਼ਾਮਲ ਹੋਏ । ਆਗੂਆਂ ਨੇ ਦਸਿਆ ਕਿ ਵਿਭਾਗ ਵਿਚ ਲੰਮੇ ਸਮੇਂ ਤੋਂ ਇੰਨਲਿਸਟਮੈਂਟ ਕੰਪਨੀਆਂ, ਵੱਖ-ਵੱਖ ਠੇਕੇਦਾਰਾਂ, ਸੁਸਾਈਟੀਆਂ ਆਦਿ ਰਾਹੀਂ ਜਲ ਸਪਲਾਈ ਸਕੀਮਾਂ ਅਤੇ ਦਫ਼ਤਰਾਂ ਵਿਚ ਕਾਮੇ ਵੱਖ-ਵੱਖ ਪੋਸਟਾਂ 'ਤੇ ਕੰਮ ਕਰਦੇ ਆ ਰਹੇ ਹਨ, ਪ੍ਰੰਤੂ ਪੰਜਾਬ ਸਰਕਾਰ ਅਤੇ ਵਿਭਾਗ ਵਲੋਂ ਵਰਕਰਾਂ ਦੇ ਭਵਿੱਖ ਲਈ ਕੁੱਝ ਨਹੀਂ ਕੀਤਾ ਜਾ ਰਿਹਾ।  ਬੁਲਾਰਿਆਂ ਨੇ ਦਸਿਆ ਕਿ ਜੇਕਰ ਵਿਭਾਗ ਵਲੋਂ ਸਮੂਹ ਕਾਮਿਆਂ ਨੂੰ ਵਿਭਾਗ ਵਿਚ ਸਿੱਧੇ ਸ਼ਾਮਲ ਕਰ ਲਿਆਂ ਜਾਂਦਾ ਹੈ ਤਾਂ ਵਿਭਾਗ ਨੂੰ 67.00 ਲੱਖ ਰੁਪਏ ਮਾਸਿਕ ਫ਼ਾਇਦਾ ਹੋ ਜਾਵੇਗਾ ਅਤੇ ਸਮੂਹ ਵਰਕਰਾਂ ਦਾ ਭਵਿੱਖ ਵੀ ਸੁਰੱਖਿਅਤ ਹੋ ਜਾਵੇਗਾ ਪ੍ਰੰਤੂ ਸਰਕਾਰ ਵਲੋਂ ਘਰ-ਘਰ ਨੌਕਰੀ ਦੇਣ ਦੇ ਕੀਤੇ ਵਾਅਦੇ ਤੋਂ ਮੁਕਰਿਆ ਜਾ ਰਿਹਾ ਹੈ ਜਿਸ ਕਰ ਕੇ ਜਥੇਬੰਦੀ ਨੇ ਇਸ ਦੀ ਨਿਖੇਧੀ ਕੀਤੀ।